ਭਾਰਤ ''ਚ ਕੋਰੋਨਾ ਦਾ ਕਹਿਰ ਜਾਰੀ, ਪੀੜਤਾਂ ਦੀ ਗਿਣਤੀ 71 ਲੱਖ ਦੇ ਪਾਰ

10/12/2020 11:51:26 AM

ਨਵੀਂ ਦਿੱਲੀ- ਭਾਰਤ 'ਚ ਕੋਵਿਡ-19 ਦੇ 66,732 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨਫੈਕਸ਼ਨ ਦੇ ਕੁੱਲ ਮਾਮਲੇ 71 ਲੱਖ ਦੇ ਪਾਰ ਪਹੁੰਚ ਗਏ ਹਨ। ਉੱਥੇ ਹੀ ਬੀਮਾਰੀ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 61 ਲੱਖ ਹੋ ਗਈ ਹੈ, ਜਿਸ ਨਾਲ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 86.36 ਫੀਸਦੀ 'ਤੇ ਪਹੁੰਚ ਗਈ। ਕੇਂਦਰੀ ਸਹਿਤ ਮੰਤਰਾਲੇ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ। ਅੰਕੜਿਆਂ ਅਨੁਸਾਰ, ਕੋਵਿਡ-19 ਦੇ ਕੁੱਲ ਮਾਮਲੇ ਵੱਧ ਕੇ 71,20,538 ਤੱਕ ਪਹੁੰਚ ਗਏ। ਇਕ ਦਿਨ 'ਚ ਇਨਫੈਕਸ਼ਨ ਕਾਰਨ 816 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 1,09,150 ਤੱਕ ਪਹੁੰਚ ਗਈ।

ਲਗਾਤਾਰ ਚੌਥੇ ਦਿਨ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 9 ਲੱਖ ਹੇਠਾਂ ਰਹੀ। ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 8,61,853 ਹੈ, ਜੋ ਕਿ ਕੁੱਲ ਮਾਮਲਿਆਂ ਦਾ 12.10 ਫੀਸਦੀ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ 'ਚ ਮੌਤ ਦਰ 1.53 ਫੀਸਦੀ ਹੈ। ਭਾਰਤ 'ਚ ਕੋਵਿਡ-19 ਦੇ ਮਾਮਲੇ 7 ਅਗਸਤ ਨੂੰ 20 ਲੱਖ, 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਦਾ ਅੰਕੜਾ ਪਾਰ ਕਰ ਗਏ ਸਨ। ਇਹ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ ਅਤੇ 11 ਅਕਤੂਬਰ ਨੂੰ 70 ਲੱਖ ਦੀ ਗਿਣਤੀ ਨੂੰ ਪਾਰ ਕਰ ਗਿਆ। ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ, ਦੇਸ਼ 'ਚ 11 ਅਕਤੂਬਰ ਤੱਕ ਕੁੱਲ 8,78,72,093 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ। ਐਤਵਾਰ ਨੂੰ 9,94,851 ਨਮੂਨਿਆਂ ਦੀ ਜਾਂਚ ਕੀਤੀ ਗਈ।

DIsha

This news is Content Editor DIsha