ਭਾਰਤ ''ਚ ਇਕ ਦਿਨ ''ਚ ਕੋਰੋਨਾ ਦੇ 97 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 51 ਲੱਖ ਦੇ ਪਾਰ

09/17/2020 11:18:36 AM

ਨਵੀਂ ਦਿੱਲੀ- ਭਾਰਤ 'ਚ ਇਕ ਦਿਨ 'ਚ ਕੋਵਿਡ-19 ਦੇ ਸਭ ਤੋਂ ਵੱਧ 97,894 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਪੀੜਤਾਂ ਦੀ ਕੁੱਲ ਗਿਣਤੀ 51 ਲੱਖ ਤੋਂ ਵੱਧ ਹੋ ਗਈ ਹੈ। ਉੱਥੇ ਹੀ ਵੀਰਵਾਰ ਤੱਕ 40 ਲੱਖ ਤੋਂ ਵੱਧ ਲੋਕ ਠੀਕ ਵੀ ਹੋ ਗਏ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਦੇ ਹਾਲੇ ਤੱਕ 51,18,253 ਮਾਮਲੇ ਸਾਹਮਣੇ ਆ ਚੁਕੇ ਹਨ। ਉੱਥੇ ਹੀ ਪਿਛਲੇ 24 ਘੰਟਿਆਂ 'ਚ 1,132 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 83,198 ਹੋ ਗਈ। ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ ਤੱਕ ਕੁੱਲ 40,25,079 ਲੋਕ ਸਿਹਤਯਾਬ ਹੋ ਚੁਕੇ ਹਨ। ਉੱਥੇ ਹੀ ਦੇਸ਼ 'ਚ ਪਹਿਲੀ ਵਾਰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 10 ਲੱਖ ਦੇ ਪਾਰ ਚੱਲੀ ਗਈ। ਦੇਸ਼ 'ਚ ਕੋਵਿਡ-19 ਨਾਲ ਮੌਤ ਦਰ 1.63 ਫੀਸਦੀ ਹੈ।

ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਦੇਸ਼ 'ਚ ਹਾਲੇ 10,09,976 ਮਰੀਜ਼ਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 19.73 ਫੀਸਦੀ ਹੈ। ਭਾਰਤ 'ਚ ਕੋਵਿਡ-19 ਦੇ ਮਾਮਲੇ 21 ਦਿਨ 'ਚ 10 ਤੋਂ 20 ਲੱਖ ਦੇ ਪਾਰ ਪਹੁੰਚੇ ਸਨ। ਇਸ ਦੇ ਬਾਅਦ 16 ਦਿਨ 'ਚ 20 ਤੋਂ 30 ਲੱਖ ਅਤੇ 13 ਦਿਨਾਂ 'ਚ 30 ਤੋਂ 40 ਲੱਖ ਦੇ ਅੰਕੜਿਆਂ ਨੂੰ ਪਾਰ ਕੀਤਾ ਸੀ। ਉੱਥੇ ਹੀ 40 ਲੱਖ ਤੋਂ 50 ਲੱਖ ਦੀ ਗਿਣਤੀ ਨੂੰ ਪਾਰ ਕਰਨ 'ਚ ਸਿਰਫ਼ 11 ਦਿਨ ਲੱਗੇ। ਭਾਰਤੀ ਆਯੂਵਿਗਿਆਨ ਖੋਜ ਕੌਂਸਲ (ਆਈ.ਸੀ.ਐੱਮ.ਆਰ.) ਅਨੁਸਾਰ ਦੇਸ਼ 'ਚ 16 ਸਤੰਬਰ ਤੱਕ ਕੋਵਿਡ-19 ਦੇ ਕੁੱਲ 6,05,65,728 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ 'ਚੋਂ 11,36,613 ਨਮੂਨਿਆਂ ਦੀ ਜਾਂਚ ਬੁੱਧਵਾਰ ਨੂੰ ਕੀਤੀ ਗਈ।

DIsha

This news is Content Editor DIsha