ਕੋਰੋਨਾ ਦਾ ਕਹਿਰ ਰੋਕਣ ਲਈ ਇਕ ਦਿਨ ''ਚ ਰਿਕਾਰਡ 11.72 ਲੱਖ ਨਮੂਨਿਆਂ ਦੀ ਜਾਂਚ

09/03/2020 10:23:00 AM

ਨਵੀਂ ਦਿੱਲੀ (ਵਾਰਤਾ)— ਦੇਸ਼ ਵਿਚ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ (ਕੋਵਿਡ-19) ਦੇ ਰੋਜ਼ਾਨਾ ਵੱਧਦੇ ਕਹਿਰ ਨੂੰ ਰੋਕਣ ਲਈ ਵੱਡੀ ਗਿਣਤੀ 'ਚ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। 2 ਸਤੰਬਰ 2020 ਨੂੰ 11 ਲੱਖ 72 ਹਜ਼ਾਰ 179 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ। ਦੇਸ਼ 'ਚ ਕੋਰੋਨਾ ਦਾ ਕਹਿਰ ਪੂਰੇ ਵੇਗ 'ਤੇ ਹੈ ਅਤੇ ਇਸ ਦੀ ਰੋਕਥਾਮ ਲਈ ਜਾਂਚ, ਇਲਾਜ ਅਤੇ ਸੰਪਰਕ ਦਾ ਪਤਾ ਲਾਉਣ 'ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤੀ ਮੈਡੀਕਲ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਵਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ 2 ਸਤੰਬਰ 11 ਲੱਖ 72 ਹਜ਼ਾਰ 179 ਨਮੂਨਿਆਂ ਦੀ ਰਿਕਾਰਡ ਜਾਂਚ ਕੀਤੀ ਗਈ। 2 ਸਤੰਬਰ ਤੱਕ ਕੋਰੋਨਾ ਵਾਇਰਸ ਦੇ ਕੁੱਲ 4 ਕਰੋੜ 55 ਲੱਖ 9 ਹਜ਼ਾਰ 380 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। 

ਇਕ ਪੰਦਰਵਾੜੇ ਦੇ ਅੰਦਰ ਇਹ ਚੌਥਾ ਮੌਕਾ ਹੈ, ਜਦੋਂ ਕੋਰੋਨਾ ਵਾਇਰਸ ਦੀ ਇਕ ਦਿਨ ਵਿਚ 10 ਲੱਖ ਤੋਂ ਵਧੇਰੇ ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਤੋਂ ਪਹਿਲਾਂ ਦੇਸ਼ ਵਿਚ 29 ਅਗਸਤ ਨੂੰ ਰਿਕਾਰਡ 10 ਲੱਖ 55 ਹਜ਼ਾਰ 27 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਅਤੇ 21 ਅਗਸਤ ਨੂੰ 10 ਲੱਖ 23 ਹਜ਼ਾਰ 836 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਕ ਦਿਨ 'ਚ 10 ਲੱਖ ਤੋਂ ਵਧੇਰੇ ਵਾਇਰਸ ਪਰੀਖਣ ਕਰਨ ਵਾਲਾ ਦੁਨੀਆ 'ਚ ਭਾਰਤ ਤੀਜਾ ਦੇਸ਼ ਬਣਿਆ ਸੀ। 

ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਵਾਇਰਸ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਤੱਕ 38,53,407 ਕੋਰੋਨਾ ਪੀੜਤ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 29,70,493 ਲੋਕ ਕੋਰੋਨਾ ਤੋਂ ਨਿਜ਼ਾਤ ਪਾ ਚੁੱਕੇ ਹਨ ਅਤੇ 67,376 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ 8,15,538 ਸਰਗਰਮ ਕੇਸ ਹਨ।

Tanu

This news is Content Editor Tanu