ਭਾਰਤ-ਚੀਨ ਦੇ ਫ਼ੌਜੀਆਂ ਵਿਚਾਲੇ ਫਿਰ ਹੋਈ ਝੜਪ, ਭਾਰਤੀ ਫ਼ੌਜ ਨੇ ਦਿੱਤਾ ਮੂੰਹ ਤੋੜ ਜਵਾਬ

08/31/2020 11:33:00 AM

ਲੱਦਾਖ— ਭਾਰਤ ਅਤੇ ਚੀਨ ਦੇ ਫ਼ੌਜੀਆਂ ਦਰਮਿਆਨ ਇਕ ਵਾਰ ਤੋਂ ਸਰਹੱਦ 'ਤੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰਹੱਦ 'ਤੇ ਜਾਰੀ ਤਣਾਅ ਦਰਮਿਆਨ ਭਾਰਤ-ਚੀਨ ਵਿਚਾਲੇ ਇਹ ਝੜਪ ਹੋਈ ਹੈ। ਪੂਰਬੀ ਲੱਦਾਖ ਦੇ ਪੈਂਗੋਂਗ ਝੀਲ ਇਲਾਕੇ ਦੇ ਨੇੜੇ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ 29-30 ਅਗਸਤ ਦੀ ਰਾਤ ਨੂੰ ਆਹਮੋ-ਸਾਹਮਣੇ ਹੋਈਆਂ। ਮਿਲੀ ਜਾਣਕਾਰੀ ਮੁਤਾਬਕ ਤੈਅ ਸੀਮਾ ਨੂੰ ਤੋੜ ਕੇ ਚੀਨੀ ਫ਼ੌਜ ਅੱਗੇ ਵੱਧ ਰਹੀ ਸੀ, ਜਿਸ ਕਾਰਨ ਭਾਰਤੀ ਫ਼ੌਜ ਨੇ ਚੀਨੀ ਫ਼ੌਜੀਆਂ ਨੂੰ ਰੋਕਿਆ। ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਅਤੇ ਚੀਨ ਦੀ ਘੁਸਪੈਠ ਕਰਨ ਦੀ ਕੋਸ਼ਿਸ਼ ਨਾਕਾਮ ਕੀਤੀ। ਇਹ ਝੜਪ ਅਜਿਹੇ ਸਮੇਂ ਹੋਈ ਹੈ, ਜਦੋਂ ਦੋਹਾਂ ਦੇਸ਼ਾਂ ਵਿਚਾਲੇ ਸਰਹੱਦ 'ਤੇ ਤਣਾਅ ਘੱਟ ਕਰਨ ਲਈ ਗੱਲਬਾਤ ਦਾ ਦੌਰ ਜਾਰੀ ਹੈ। 

ਓਧਰ ਰੱਖਿਆ ਮੰਤਰਾਲਾ ਨੇ ਇਸ ਸੰਬੰਧ 'ਚ ਬਿਆਨ ਜਾਰੀ ਕਰ ਕੇ ਕਿਹਾ ਕਿ ਚੀਨ ਦੇ ਫ਼ੌਜੀਆਂ ਨੇ ਭਾਰਤੀ ਫ਼ੌਜੀਆਂ ਨੂੰ ਉਕਸਾਇਆ। ਭਾਰਤੀ ਫ਼ੌਜੀਆਂ ਨੇ ਚੀਨ ਦੀ ਫ਼ੌਜੀ ਨੂੰ ਮੂੰਹ ਤੋੜ ਜਵਾਬ ਦਿੱਤਾ। ਪੈਂਗੋਂਗ ਝੀਲ ਨੇੜੇ ਝੜਪ ਮਗਰੋਂ ਚੁਸ਼ੂਲ ਵਿਚ ਭਾਰਤ ਅਤੇ ਚੀਨ ਦੇ ਫ਼ੌਜੀ ਅਧਿਕਾਰੀਆਂ ਵਿਚਾਲੇ ਬੈਠਕ ਜਾਰੀ ਹੈ। 

ਦੱਸ ਦੇਈਏ ਕਿ 15 ਜੂਨ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ 'ਚ ਵੀ ਭਾਰਤ ਅਤੇ ਚੀਨੀ ਫ਼ੌਜੀ ਵਿਚਾਲੇ ਹਿੰਸਕ ਝੜਪ ਹੋਈ ਸੀ। ਇਸ ਝੜਪ 'ਚ ਭਾਰਤੀ ਫ਼ੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਇਸ ਹਿੰਸਕ ਝੜਪ ਤੋਂ ਬਾਅਦ ਵੀ ਚੀਨ ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਬਾਜ ਨਹੀਂ ਆ ਰਿਹਾ ਹੈ।


Tanu

Content Editor

Related News