''ਭਾਰਤ-ਕੈਨੇਡਾ ਵਪਾਰ ਸਮਝੌਤਾ ਹੋਣ ਦੀ ਸੰਭਾਵਨਾ ਨਹੀਂ''

07/15/2019 8:07:40 PM

ਟੋਰਾਂਟੋ/ਨਵੀਂ ਦਿੱਲੀ - ਭਾਰਤ 'ਚ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਜਲਦ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਪਰ ਭਾਰਤ ਅਤੇ ਕੈਨੇਡਾ ਵਿਚਾਲੇ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ 5 ਸਾਲਾ 'ਚ ਦੋਹਾਂ ਦੇਸ਼ਾਂ 'ਚ 2-ਪੱਖੀ ਕਾਰੋਬਾਰ 60 ਫੀਸਦੀ ਵਧ ਕੇ 9 ਅਰਬ ਡਾਲਰ ਦਾ ਹੋ ਗਿਆ ਹੈ ਅਤੇ ਅਗਲੇ ਕੁਝ ਸਾਲਾ 'ਚ ਇਸ ਤੋਂ 3 ਗੁਣਾ ਹੋਣ ਜਾਣ ਦੀ ਉਮੀਦ ਹੈ। ਪਟੇਲ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਵਪਾਰ ਸਮਝੌਤਾ ਜਲਦ ਪੂਰਾ ਹੋਵੇਗਾ ਕਿਉਂਕਿ ਗੱਲਬਾਤ ਦੀ ਰਫਤਾਰ ਸੁਸਤ ਹੈ। ਹਾਲਾਂਕਿ ਦੋਵੇਂ ਪੱਖ ਇਸ ਦੇ ਲਈ ਇਛੁੱਕ ਹਨ।

ਉਨ੍ਹਾਂ ਅੱਗੇ ਕਿਹਾ ਕਿ ਅਸਲ 'ਚ ਕੈਨੇਡਾ ਵਪਾਰ 'ਤੇ ਆਧਾਰਿਤ ਅਰਥਵਿਵਸਥਾ ਹੈ ਜਦਕਿ ਭਾਰਤ ਅਜੇ ਵੀ ਕਈ ਖੇਤਰਾਂ 'ਚ ਸੁਰੱਖਿਆਵਾਦੀ ਹੈ, ਇਸ ਲਈ ਗੱਲਬਾਤ ਦੀ ਰਫਤਾਰ ਧੀਮੀ ਹੈ। ਗੱਲਬਾਤ ਚੱਲ ਰਹੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਕ ਬਿੰਦੂ 'ਤੇ ਅਸੀਂ ਉਸ ਨੂੰ ਆਖਰੀ ਰੂਪ ਦੇ ਦੇਵਾਂਗੇ। ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ 'ਤੇ ਗੱਲਬਾਤ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀ ਹੈ।

ਪਟੇਲ ਤੋਂ ਜਦੋਂ ਪੁੱਛਿਆ ਗਿਆ ਕਿ ਅਗਲੇ ਕੁਝ ਮਹੀਨਿਆਂ 'ਚ ਵਪਾਰ ਸਮਝੌਤੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਬੈਠਕ ਹੋਣ ਵਾਲੀ ਹੈ ਤਾਂ ਉਨ੍ਹਾਂ ਦਾ ਜਵਾਬ ਨਾ ਸੀ। ਉਨ੍ਹਾਂ ਨੇ ਅੱਗੇ ਆਖਿਆ ਕਿ ਪਹਿਲਾਂ ਭਾਰਤ 'ਚ ਚੋਣਾਂ ਅਤੇ ਹੁਣ ਕੈਨੇਡਾ 'ਚ ਚੋਣਾਂ ਕਾਰਨ ਭਵਿੱਖ 'ਚ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ ਦਿੱਖ ਰਹੀ। ਭਾਰਤ 'ਚ ਕੈਨੇਡਾ ਦੇ ਰਾਜਦੂਤ ਦੇ ਰੂਪ 'ਚ ਲਗਭਗ 5 ਸਾਲ ਪੂਰੇ ਕਰਨ ਵਾਲੇ ਪਟੇਲ ਨੇ ਕਿਹਾ ਕਿ ਪਿਛਲੇ 5 ਸਾਲ 'ਚ ਦੋਵੇਂ ਦੇਸ਼ਾਂ ਵਿਚਾਲੇ ਵਪਾਰ 'ਚ ਵਾਧਾ ਹੋਇਆ ਹੈ। ਪਟੇਲ ਮੂਲ ਰੂਪ ਤੋਂ ਗੁਜਰਾਤ ਦੇ ਰਹਿਣ ਵਾਲੇ ਹਨ।

ਪਟੇਲ ਨੇ ਆਖਿਆ ਕਿ ਪਿਛਲੇ 5 ਸਾਲ 'ਚ ਦੋਹਾਂ ਦੇਸ਼ਾਂ ਵਿਚਾਲੇ 2-ਪੱਖੀ ਵਪਾਰ 60 ਫੀਸਦੀ ਦੇ ਵਾਧੇ ਦਾ ਨਾਲ 9 ਅਰਬ ਡਾਲਰ ਹੋ ਗਿਆ ਹੈ ਅਤੇ ਅਗਲੇ ਕੁਝ ਸਾਲਾ 'ਚ 3 ਗੁਣਾ ਵਧ ਕੇ 30 ਅਰਬ ਡਾਲਰ ਦਾ ਹੋ ਜਾਣ ਦੀ ਸੰਭਾਵਨਾ ਹੈ। ਕੁਲ ਵਾਧੇ ਦਾ ਟੀਚਾ 50 ਅਰਬ ਡਾਲਰ ਦਾ ਹੈ। ਪਟੇਲ ਨੇ ਕਿਹਾ ਕਿ ਪਿਛਲੇ ਕੁਝ ਸਾਲਾ 'ਚ ਭਾਰਤ 'ਚ ਕੈਨੇਡਾ ਦੀਆਂ ਕੰਪਨੀਆਂ ਦਾ ਨਿਵੇਸ਼ ਸਾਢੇ 4 ਅਰਬ ਡਾਲਰ ਤੋਂ ਵਧ ਕੇ 25 ਅਰਬ ਡਾਲਰ ਹੋ ਗਿਆ ਹੈ। ਦੱਸ ਦਈਏ ਕਿ ਭਾਰਤ 'ਚ ਕੈਨੇਡਾ ਦੀਆਂ 1,000 ਤੋਂ ਜ਼ਿਆਦਾ ਕੰਪਨੀਆਂ ਨੇ ਨਿਵੇਸ਼ ਕੀਤਾ ਹੈ।

Khushdeep Jassi

This news is Content Editor Khushdeep Jassi