ਭਾਰਤ ਤੇ ਈਰਾਨ ਵਿਚਾਲੇ ਹੋਏ ਇਹ 9 ਸਮਝੌਤੇ

02/17/2018 7:22:44 PM

ਨਵੀਂ ਦਿੱਲੀ— ਭਾਰਤ 'ਚ 3 ਦਿਨਾਂ ਦੌਰੇ 'ਤੇ ਆਏ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕਈ ਅਹਿਮ ਮੁੱਦਿਆਂ 'ਤੇ ਸਮਝੌਤੇ ਹੋਏ। ਦੋਵੇਂ ਦੇਸ਼ਾਂ ਵਿਚਕਾਰ ਟੈਕਸ ਤੋਂ ਬਚਣ, ਵੀਜ਼ਾ ਨਿਯਮ ਆਸਾਨ ਕਰਨ ਅਤੇ ਹਵਾਲਗੀ ਸੰਧੀ ਸਮੇਤ 9 ਸਮਝੌਤਿਆਂ 'ਤੇ ਦਸਤਖਤ ਹੋਏ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਚਾਬਹਾਰ ਪੋਰਟ 'ਤੇ ਈਰਾਨ ਦੇ ਸਹਿਯੋਗ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ਭਾਰਤ ਚਾਬਹਾਰ ਗੇਟਵੇ ਲਈ ਸਹਿਯੋਗ ਕਰੇਗਾ। ਮੋਦੀ ਨੇ ਈਰਾਨ ਅਤੇ ਭਾਰਤ ਦੇ ਮਜ਼ਬੂਤ ਸੰਬੰਧਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦੋਵੇਂ ਦੇਸ਼ ਆਪਸੀ ਸਹਿਯੋਗ ਵਧਾਉਣ ਲਈ ਤਿਆਰ ਹਨ ਅਤੇ ਊਰਜਾ ਦੇ ਖੇਤਰ 'ਚ ਹਿੱਸੇਦਾਰੀ ਵਧਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਸਦੀਆਂ ਪਹਿਲਾਂ ਤੋਂ ਹੀ ਅਸੀਂ ਆਪਸੀ ਸਹਿਯੋਗ ਵਧਾਉਣ ਲਈ ਉਤਸਕ ਹਾਂ।

ਦੋਵਾਂ ਦੇਸ਼ਾਂ ਨੇ ਅੱਤਵਾਦ ਨੂੰ ਸਹਾਇਤਾ ਦੇਣ ਵਾਲੇ ਦੀ ਕੀਤੀ ਨਿੰਦਾ
ਜ਼ਿਕਰਯੋਗ ਹੈ ਕਿ ਅਮਰੀਕਾ ਨੇ ਇਸ ਸਮਝੌਤੇ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਅਸੀਂ ਅੱਤਵਾਦ ਨਾਲ ਲੜਨ ਲਈ ਪ੍ਰਤੀਬੱਧ ਹਾਂ। ਉਨ੍ਹਾ ਕਿਹਾ ਕਿ ਅੱਤਵਾਦ ਅਤੇ ਹੋਰ ਮਸਲਿਆਂ 'ਤੇ ਭਾਰਤ ਅਤੇ ਈਰਾਨ ਦੇ ਵਿਚਾਰਾਂ 'ਚ ਸਮਾਨਤਾ ਰਹੀ ਹੈ। ਭਾਰਤ ਅਤੇ ਈਰਾਨ ਦੇ ਰਿਸ਼ਤੇ ਰਾਜਨੀਤੀ ਅਤੇ ਆਰਥਿਕ ਦਾਇਰੇ ਤੋਂ ਬਾਹਰ ਜਾਂਦੇ ਹਨ ਕਿਉਂਕਿ ਦੋਵੇਂ ਦੇਸ਼ਾਂ ਵਿਚਾਲੇ ਸੰਸਕ੍ਰਿਤੀ ਅਤੇ ਸੱਭਿਅਚਾਰਕ ਰਿਸ਼ਤੇ ਰਹੇ ਹਨ। ਦੋਵੇਂ ਆਗੂਆਂ ਵਿਚਾਲੇ ਸੁਰੱਖਿਆ ਅਤੇ ਸੈਨਿਕ ਮਸਲਿਆਂ 'ਤੇ ਵੀ ਸਹਿਯੋਗ ਅਤੇ ਅਦਾਨ ਪ੍ਰਦਾਨ ਨੂੰ ਜ਼ਾਰੀ ਰੱਖਣ 'ਤੇ ਗੱਲਬਾਤ ਹੋਈ। 
ਸਹਿਯੋਗ ਸਮਝੌਤੇ 
-ਡਬਲ ਟੈਕਸ ਤੋਂ ਬਚਣ ਅਤੇ ਟੈਕਸ ਚੋਰੀ ਰੋਕਣ ਦਾ ਸਮਝੌਤਾ
-ਡਿਪਲੋਮੈਟਾਂ ਲਈ ਵੀਜ਼ਾ ਛੋਟ 'ਤੇ ਸਮਝੌਤਾ
-ਹਵਾਲਗੀ ਸੰਧੀ ਦੇ ਦਸਤਾਵੇਜ਼ਾਂ ਦਾ ਅਦਾਨ-ਪ੍ਰਦਾਨ
-ਚਾਬਹਾਰ ਦੇ ਸ਼ਾਹਿਦ ਬੇਹੇਸਤੀ ਬੰਦਰਗਾਹ ਦੇ ਪਹਿਲੇ ਪੜਾਅ ਲਈ ਲੀਜ਼ ਸਮਝੌਤਾ
-ਰਵਾਇਤੀ ਦਵਾਈ 'ਚ ਸਹਿਯੋਗ ਲਈ ਸਮਝੌਤਾ
-ਆਪਸੀ ਰੂਚੀ ਦੇ ਖੇਤਰਾਂ 'ਚ ਵਪਾਰ ਦੀ ਤਰੱਕੀ ਲਈ ਮਾਹਿਰ ਸਮੂਹ ਦੇ ਗਠਨ ਦਾ ਸਮਝੌਤਾ
-ਖੇਤੀਬਾੜੀ ਅਤੇ ਸਹਾਇਕ ਖੇਤਰਾਂ 'ਚ ਸਹਿਯੋਗ ਲਈ ਸਮਝੌਤਾ
-ਸਿਹਤ ਅਤੇ ਦਵਾਈ ਖੇਤਰਾਂ 'ਚ ਸਹਿਯੋਗ ਲਈ ਸਮਝੌਤਾ
-ਡਾਕ ਸਹਿਯੋਗ 'ਤੇ ਸਮਝੌਤਾ