ਭਾਰਤ ''ਚ ਮਾਨਸਿਕ ਰੋਗੀਆਂ ਦਾ ਅੰਕਡ਼ਾ ਚਿੰਤਾਜ਼ਨਕ, ਹਰ ਸੱਤਵਾਂ ਵਿਆਕਤੀ ਹੈ ਸ਼ਿਕਾਰ

12/24/2019 5:17:13 PM

ਨਵੀਂ ਦਿੱਲੀ : ਦੇਸ਼ ਵਿਚ ਸਾਲ 2017 'ਚ ਹਰ ਸੱਤ ਵਿਚੋਂ ਇਕ ਵਿਅਕਤੀ ਵੱਖ-ਵੱਖ ਮਾਨਸਿਕ ਰੋਗਾਂ ਨਾਲ ਪੀੜਤ ਹੈ। ਇਸ ਵਿਚ ਡਿਪ੍ਰੈਸ਼ਨ, ਐਂਗਜ਼ਾਈਟੀ (ਚਿੰਤਾ) ਅਤੇ ਸਿਜ਼ੋਫ੍ਰੇਨੀਆ ਨਾਲ ਲੋਕ ਸਭ ਤੋਂ ਵੱਧ ਪਰੇਸਾਨ ਹਨ। ਮਨੁੱਖ ਦੀਆਂ ਭਾਵਨਾਵਾਂ ਹੀ ਉਸ ਨੂੰ ਵਿਸ਼ੇਸ਼ ਬਣਾਉਂਦੀਆਂ ਹਨ। ਮਨੁੱਖ ਖੁਸ਼ੀ, ਉਦਾਸੀ, ਪਿਆਰ ਅਤੇ ਗੁੱਸੇ ਜਿਹੀਆਂ ਭਾਵਨਾਵਾਂ ਨੂੰ ਮਹਿਸੂਸ ਕਰਦਾ ਹੈ। ਜੇ ਉਸ ਵਿਚੋਂ ਇਹ ਭਾਵਨਾਵਾਂ ਕੱਢ ਦਿੱਤੀਆਂ ਜਾਣ ਤਾਂ ਮਨੁੱਖ ਇਕ ਮਸ਼ੀਨ ਦੀ ਤਰ੍ਹਾਂ ਬਣ ਜਾਵੇਗਾ। ਪਰ ਜਦੋਂ ਕੋਈ ਵਿਅਕਤੀ ਇਹੋ ਜਿਹੀਆਂ ਭਾਵਨਾਵਾਂ ਜਿਵੇਂ ਡਰ, ਉਦਾਸੀ ਅਤੇ ਗੁੱਸੇ ਨੂੰ ਹੱਦ ਤੋਂ ਵੱਧ ਮਹਿਸੂਸ ਕਰਨ ਲੱਗਦਾ ਹੈ ਤਾਂ ਇਹ ਮਾਨਸਿਕ ਰੋਗ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਭਾਰਤ 'ਚ ਹਰ ਸੱਤ ਵਿਅਕਤੀਆਂ 'ਚੋਂ ਇੱਕ ਮਾਨਸਿਕ ਰੋਗ ਨਾਲ ਪੀੜਤ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਸਾਲ 2017 'ਚ ਪਹਿਲੀ ਵਾਰ ਇਸ 'ਤੇ ਵੱਡੇ ਪੱਧਰ 'ਤੇ ਅਧਿਐਨ ਕੀਤਾ ਸੀ। ਅਧਿਐਨ 'ਚ ਪਤਾ ਲੱਗਿਆ ਸੀ ਕਿ 4.57 ਕਰੋੜ ਲੋਕ ਆਮ ਮਾਨਸਿਕ ਪ੍ਰੇਸ਼ਾਨੀ ਅਤੇ 4.49 ਕਰੋੜ ਲੋਕ ਬੇਚੈਨੀ ਨਾਲ ਪੀੜਤ ਹਨ।

ਅਧਿਐਨ 'ਚ ਪਤਾ ਲੱਗਿਆ ਹੈ ਕਿ ਭਾਰਤ 'ਚ ਮਾਨਸਿਕ ਬੀਮਾਰੀ ਹਰ ਸਾਲ ਵੱਧੀ ਹੈ। ਇਸ 'ਚ ਜਿਹੜੇ ਤੱਥ ਸਾਹਮਣੇ ਆਏ ਹਨ, ਉਸ ਮੁਤਾਬਿਕ ਲਗਭਗ 19.7 ਕਰੋੜ ਲੋਕ ਜਾਂ ਹਰ 7ਵਾਂ ਭਾਰਤੀ ਕਿਸੇ ਨਾ ਕਿਸੇ ਤਰ੍ਹਾਂ ਦੀ ਮਾਨਸਿਕ ਬੀਮਾਰੀ ਤੋਂ ਪੀੜਤ ਹੈ। ਚਿੰਤਾ, ਉਦਾਸੀ, ਨਾਕਾਰਾਤਮਕ ਵਿਚਾਰ, ਬੇਚੈਨੀ, ਘਬਰਾਹਟ ਆਦਿ ਮਾਨਸਿਕ ਹੋਰ ਦੇ ਲੱਛਣ ਹਨ। ਮਾਨਸਿਕ ਰੋਗ ਦੇ ਸ਼ਿਕਾਰ ਮਰਦ ਜਾਂ ਔਰਤ ਵਿੱਚ ਊਰਜਾ ਅਤੇ ਉਤਸ਼ਾਹ ਦੀ ਕਮੀ, ਕੰਮ-ਕਾਜ ਵਿੱਚ ਮਨ ਨਾ ਲੱਗਣਾ, ਭੁੱਖ ਅਤੇ ਨੀਂਦ ਵਿੱਚ ਕਮੀ, ਜਿਊਣ ਪ੍ਰਤੀ ਕੋਈ ਰੁਚੀ ਨਾ ਰਹਿਣਾ, ਕਿਸੇ ਵੀ ਨਵੇਂ ਕੰਮ ਜਾਂ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਡਰ ਮਹਿਸੂਸ ਕਰਨਾ, ਸ਼ਰੀਰ ਦੇ ਵਜ਼ਨ ਵਿੱਚ ਕਮੀ ਹੋਣਾ, ਸ਼ਰੀਰ ਵਿੱਚ ਥਕਾਨ ਅਤੇ ਕਿਸੇ ਵੀ ਹਿੱਸੇ ‘ਚ ਦਰਦ ਦਾ ਹੋਣਾ, ਕਦੇ-ਕਦੇ ਆਤਮ-ਹੱਤਿਆ ਕਰਨ ਦੀ ਭਾਵਨਾ ਦਾ ਪੈਦਾ ਹੋਣਾ, ਆਦਿ ਇਸ ਰੋਗ ਦੇ ਪ੍ਰਮੁੱਖ ਲੱਛਣ ਹਨ।

ਮਾਨਸਿਕ ਰੋਗ ਤੋਂ ਬਚਣ ਲਈ ਖ਼ਾਲੀ ਸਮਾਂ ਮਿਲਣ 'ਤੇ ਵਿਹਲੇ ਨਾ ਬੈਠੋ, ਸਗੋਂ ਉਸ ਸਮੇਂ ਦੌਰਾਨ ਆਪਣੀ ਰੁਚੀ ਦਾ ਕੋਈ ਕੰਮ ਜਾਂ ਕੋਈ ਅਖ਼ਬਾਰ, ਰਸਾਲਾ ਜਾਂ ਪੁਸਤਕ, ਆਦਿ ਪੜ੍ਹੋ ਜਾਂ ਆਪਣੇ ਮਿੱਤਰਾਂ ਨਾਲ ਕਿਸੇ ਚੰਗੇ ਵਿਸ਼ੇ 'ਤੇ ਵਿਚਾਰ-ਵਟਾਂਦਰਾ ਕਰੋ। ਸਾਹਮਣੇ ਵਾਲੇ ਵਿਅਕਤੀ ਦੀ ਜੋ ਗੱਲ ਚੰਗੀ ਨਾ ਲੱਗੇ, ਉਸ ਨੂੰ ਨਜ਼ਰ-ਅੰਦਾਜ਼ ਕਰ ਦੇਵੋ। ਰੋਜ਼ ਸਵੇਰੇ ਯੋਗਾ ਜਾਂ ਕਸਰਤ ਕਰਨ ਦੇ ਨਾਲ-ਨਾਲ ਪਰਮਾਤਮਾ ਅੱਗੇ ਪ੍ਰਾਰਥਨਾ ਜ਼ਰੂਰ ਕਰੋ। ਆਪਣੀਆਂ ਗ਼ਲਤੀਆਂ 'ਤੇ ਦੁਖ ਅਤੇ ਅਫ਼ਸੋਸ ਕਰਨ ਦੀ ਬਜਾਏ ਅੱਗੇ ਤੋਂ ਉਹ ਨਾ ਹੋਣ, ਇਸ ਲਈ ਪੱਕਾ ਇਰਾਦਾ ਰੱਖੋ। ਮਾਨਸਿਕ ਦੇ ਇਲਾਜ ਲਈ ਆਯੁਰਵੈਦਿਕ ਦਵਾਈਆਂ ਦੇ ਨਾਲ-ਨਾਲ ਕਾਊਂਸਲਿੰਗ ਵੀ ਜ਼ਰੂਰੀ ਰਹਿੰਦੀ ਹੈ।