ਨਾਗਰਿਕਾਂ ਦੀ ਪ੍ਰਾਈਵੇਸੀ, ਬਾਇਓਮੈਟ੍ਰਿਕ ਡਾਟਾ ਕੁਲੈਕਸ਼ਨ ''ਚ ਭਾਰਤ 5ਵਾਂ ਖਰਾਬ ਦੇਸ਼ : ਰਿਪੋਰਟ

12/10/2019 1:53:47 PM

ਲੰਡਨ — ਭਾਰਤ ਦੇ ਬਾਇਮੈਟ੍ਰਿਕ ਡਾਟਾ ਕੁਲੈਕਸ਼ਨ ਸਿਸਟਮ 'ਚ ਲੌੜੀਂਦੇ ਨਿਯਮਾਂ ਦੀ ਘਾਟ ਕਾਰਨ ਇਸ ਨੂੰ ਬੁਰਾ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬ੍ਰਿਟੇਨ ਸਥਿਤ ਤਕਨੀਕੀ ਖੋਜ ਫਰਮ ਕੰਪੇਰੀਟੈਕ ਦੀ ਬੁੱਧਵਾਰ ਨੂੰ ਜਾਰੀ ਇਕ ਨਵੀਂ ਰਿਪੋਰਟ ਅਨੁਸਾਰ ਬਾਇਓਮੈਟ੍ਰਿਕ ਡਾਟਾ ਦੀ ਵਿਆਪਕ ਅਤੇ ਗਲਤ ਵਰਤੋਂ ਦੇ ਮਾਮਲੇ ਵਿਚ ਚੀਨ, ਮਲੇਸ਼ੀਆ, ਪਾਕਿਸਤਾਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਪੰਜਵਾਂ ਸਭ ਤੋਂ ਬੁਰਾ ਪ੍ਰਦਰਸ਼ਨ ਕਰਨ ਵਾਲਾ ਦੇਸ਼ ਮੰਨਿਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਭਾਰਤ ਨੇ ਤਾਈਵਾਨ, ਇੰਡੋਨੇਸ਼ੀਆ ਅਤੇ ਫਿਲਪੀਨਜ਼ ਸਮੇਤ ਪੰਜਵਾਂ ਸਥਾਨ ਸਾਂਝੇ ਤੌਰ 'ਤੇ ਪ੍ਰਾਪਤ ਕੀਤਾ ਹੈ।                                                                                                               
ਭਾਰਤ ਨਾਗਰਿਕਾਂ ਦੀ ਨਿੱਜਤਾ ਕਾਇਮ ਰੱਖਣ 'ਚ ਹੋ ਰਿਹਾ ਅਸਫਲ 

ਭਾਰਤ ਨੇ ਬਾਇਓਮੈਟਰਿਕ ਡਾਟਾ ਕੁਲੈਕਸ਼ਨ ਦੀ ਸੂਚੀ 'ਚ ਬੁਰਾ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਹੇਠਲਾ ਪੱਧਰ ਹਾਸਲ ਕੀਤਾ ਹੈ। ਬਾਇਓਮੈਟ੍ਰਿਕ ਡਾਟਾ ਇਕੱਤਰ ਕਰਨ 'ਚ ਭਾਰਤ ਸਭ ਤੋਂ ਮਾੜੇ ਦੇਸ਼ਾਂ ਦੀ ਸੂਚੀ ਵਿਚ ਤੁਲਨਾਤਮਕ ਤੌਰ 'ਤੇ ਬੁਰਾ ਪ੍ਰਦਰਸ਼ਨ ਕਰਨ ਵਾਲਾ ਦੇਸ਼ ਬਣ ਕੇ ਸਾਹਮਣੇ ਆਇਆ ਹੈ।                                                     
ਦੁਨੀਆ ਦੇ 50 ਦੇਸ਼ਾਂ ਵਿਚਕਾਰ ਕੀਤਾ ਗਿਆ ਇਹ ਅਧਿਐਨ        

ਖੋਜਕਰਤਾਵਾਂ ਨੇ ਅਧਿਐਨ ਲਈ 50 ਵੱਖ-ਵੱਖ ਦੇਸ਼ਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਜਾਂਚ ਕੀਤੀ ਗਈ ਕਿ ਬਾਇਓਮੈਟ੍ਰਿਕਸ ਕਿਥੋਂ ਲਏ ਜਾ ਰਹੇ ਹਨ, ਕਿਸ ਤਰ੍ਹਾਂ ਲਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਕਿਵੇਂ ਸਟੋਰ ਕੀਤਾ ਜਾ ਰਿਹਾ ਹੈ।

ਇਸ ਆਧਾਰ 'ਤੇ ਦਿੱਤੇ ਗਏ ਸਕੋਰ

ਹਰੇਕ ਦੇਸ਼ ਨੂੰ 25 ਆਧਰ ਅੰਕਾਂ ਵਿਚੋਂ ਸਕੋਰ ਦਿੱਤੇ ਗਏ ਅਤੇ ਇਸੇ ਆਧਾਰ 'ਤੇ ਹਾਸਲ ਕੀਤਾ ਗਿਆ ਉੱਚਾ ਸਕੋਰ ਬਾਇਓਮੀਟ੍ਰਿਕਸ ਜਾਂ ਨਿਗਰਾਨੀ ਦੀ ਵਿਆਪਕ ਅਤੇ ਗਲਤ ਵਰਤੋਂ ਦਰਸਾਉਂਦਾ ਹੈ ਜਦੋਂਕਿ ਬਾਇਓਮੀਟ੍ਰਿਕ ਵਰਤੋਂ ਅਤੇ ਨਿਗਰਾਨੀ ਸੰਬੰਧੀ ਬਿਹਤਰ ਪਾਬੰਦੀਆਂ ਅਤੇ ਨਿਯਮਾਂ ਨੂੰ ਪ੍ਰਦਰਸ਼ਤ ਕਰਨ ਵਾਲਿਆਂ ਨੂੰ ਘੱਟ ਸਕੋਰ ਦਿੱਤੇ ਗਏ ਹਨ। 

ਦੇਸ਼ਾਂ ਨੂੰ ਸਕੋਰ ਦੇਣ ਲਈ ਵਰਤੇ ਜਾਣ ਵਾਲੇ ਕਾਰਕਾਂ ਦੇ ਆਧਾਰ 'ਤੇ ਖੋਜਕਰਤਾਵਾਂ ਨੇ ਇਹ ਵੀ ਵੇਖਿਆ ਕਿ ਕਿਹੜਾ ਦੇਸ਼ ਬਾਇਓਮੀਟ੍ਰਿਕ ਡਾਟਾ ਦੀ ਰੱਖਿਆ ਲਈ ਕੋਈ ਕਾਨੂੰਨ ਲਾਗੂ ਕਰਨ ਵਿਚ ਅਸਫਲ ਰਿਹਾ ਅਤੇ ਕਿਸ ਦੇਸ਼ ਨੇ ਕਾਨੂੰਨ ਲਾਗੂ ਕਰਨ 'ਚ ਕਾਮਯਾਬੀ ਹਾਸਲ ਕੀਤੀ। ਇਸ ਆਧਾਰ 'ਤੇ ਚੀਨ ਨੇ 25 ਵਿਚੋਂ 24 ਅਤੇ ਭਾਰਤ ਨੇ 19 ਸਕੋਰ ਹਾਸਲ ਕੀਤੇ ਹਨ।

ਦੁਨੀਆ ਭਰ 'ਚ ਹੋ ਰਹੀ ਬਾਇਓਮੈਟ੍ਰਿਕ ਦੀ ਵਰਤੋਂ

ਅਧਿਐਨ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਾਇਓਮੈਟ੍ਰਿਕ ਡਾਟਾ ਨੂੰ ਸੰਵੇਦਨਸ਼ੀਲ ਮੰਨਣ ਦੇ ਬਾਵਜੂਦ ਕਈ ਦੇਸ਼ਾਂ ਨੇ ਬਾਇਓਮੈਟ੍ਰਿਕ ਦੀ ਵਰਤੋਂ ਨੂੰ ਵਿਆਪਕ ਰੂਪ ਨਾਲ ਸਵੀਕਾਰ ਕਰ ਲਿਆ ਹੈ।

ਬਾਇਓਮੈਟ੍ਰਿਕ ਦੀ ਨਿੱਜਤਾ ਨੂੰ ਲੈ ਕੇ ਇਨ੍ਹਾਂ ਦੇਸ਼ਾਂ 'ਚ ਹੈ ਕਾਨੂੰਨ ਦੀ ਬਿਹਤਰ ਵਿਵਸਥਾ

ਯੂਰਪੀਅਨ ਯੂਨੀਅਨ ਵਿਚਾਲੇ ਦੇਸ਼ਾਂ ਨੇ ਕੁਝ ਹੱਦ ਤਕ ਕੰਮ ਵਾਲੀ ਥਾਂ 'ਤੇ ਬਾਇਓਮੈਟ੍ਰਿਕਸ ਦੀ ਵਰਤੋਂ ਸਮੇਂ ਡਾਟਾ ਦੀ ਰੱਖਿਆ ਕਰਨ ਵਾਲੇ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ (ਜੀਡੀਪੀਆਰ) ਨਿਯਮਾਂ ਕਾਰਨ ਗੈਰ ਯੂਰਪੀਅਨ ਯੂਨੀਅਨ ਦੇਸ਼ਾਂ ਦੀ ਤੁਲਨਾ ਵਿਚ ਵਧੀਆ ਅੰਕ ਪ੍ਰਾਪਤ ਕੀਤੇ ਹਨ।

ਨਤੀਜਿਆਂ 'ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਆਇਰਲੈਂਡ, ਪੁਰਤਗਾਲ, ਸਾਈਪ੍ਰਸ, ਯ.ੂਕੇ. ਅਤੇ ਰੋਮਾਨੀਆ ਬਾਇਓਮੀਟ੍ਰਿਕ ਡਾਟਾ ਇਕੱਤਰ ਕਰਨ, ਸਟੋਰੇਜ ਕਰਨ ਅਤੇ ਇਸਤੇਮਾਲ ਕਰਨ ਦੇ ਮਾਮਲੇ ਵਿਚ ਪੰਜ ਸਭ ਤੋਂ ਵਧੀਆ ਦੇਸ਼ ਵਜੋਂ ਉੱਭਰ ਕੇ ਸਾਹਮਣੇ ਆਏ ਹਨ।