PM ਮੋਦੀ ਦਾ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕਰਨ ਦਾ ਐਲਾਨ, ਪੜ੍ਹੋ ਕਿੰਨਾ ਖਤਰਨਾਕ ਹੈ ਪਾਲੀਥੀਨ

08/16/2019 12:48:53 PM

ਨਵੀਂ ਦਿੱਲੀ— ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਹੁਣ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਦਾ ਐਲਾਨ ਕੀਤਾ ਅਤੇ ਵਿਆਪਕ ਪੱਧਰ 'ਤੇ ਇਸ ਮੁਹਿੰਮ ਦੀ ਸ਼ੁਰੂਆਤ 2 ਅਕਤੂਬਰ ਨੂੰ ਹੋਵੇਗੀ। ਇਸ ਮੌਕੇ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਿੰਗਲ ਯੂਜ਼ ਪਲਾਸਟਿਕ ਮਨੁੱਖੀ ਜੀਵਨ ਲਈ ਕਿੰਨਾ ਖਤਰਨਾਕ ਹੈ। ਕੀ ਤੁਸੀਂ ਜਾਣਦੇ ਹੋ ਕਿ ਜ਼ਹਿਰੀਲੇ ਰਸਾਇਣ ਯੁਕਤ ਪਾਲੀਥੀਨ ਬੈਗ ਜ਼ਮੀਨ 'ਚ ਦਬਣ ਤੋਂ ਬਾਅਦ 1000 ਸਾਲ ਤੱਕ ਗੱਲਦਾ ਨਹੀਂ ਹੈ? ਇਸ ਦੇ ਰਸਾਇਣ ਜੇਕਰ ਤੁਹਾਡੇ ਖਾਧ ਪਦਾਰਥਾਂ 'ਚ ਮਿਲ ਜਾਣ ਤਾਂ ਤੁਸੀਂ ਖਤਰਨਾਕ ਰੋਗਾਂ ਦਾ ਸ਼ਿਕਾਰ ਹੋ ਸਕਦੇ ਹੋ। ਨਦੀ ਨਾਲਿਆਂ 'ਚ ਤੈਰਦੇ ਹੋਏ ਪਲਾਸਟਿਕ ਕੂੜੇ ਨੂੰ ਦੇਖ ਕੇ ਅਸੀਂ ਇਸ ਤੋਂ ਹੋਣ ਵਾਲੇ ਨੁਕਸਾਨ ਦੀ ਕਲਪਣਾ ਵੀ ਕਰਦੇ ਅਤੇ ਸਥਾਨਕ ਪ੍ਰਸ਼ਾਸਨ ਨੂੰ ਕੋਸਣ ਲੱਗਦੇ ਹਾਂ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਸ ਖਤਰੇ ਤੋਂ ਦੇਸ਼ ਦਾ ਪੂਰਾ ਸ਼ਾਸਨ-ਪ੍ਰਸ਼ਾਸਨ ਅਤੇ ਜਨਤਾ ਜਾਣੂੰ ਹੈ ਪਰ ਡਰ ਕਿਸ ਨੂੰ ਵੀ ਨਹੀਂ ਹੈ।

ਸਾਲਾਨਾ ਹਰ ਵਿਅਕਤੀ ਕਰਦਾ ਹੈ 7 ਕਿਲੋ ਪਾਲੀਥੀਨ ਵਰਤੋਂ
ਪਾਲੀਥੀਨ ਬੈਗਜ਼ ਦੀ ਵਰਤੋਂ ਦੀ ਲੋਕਾਂ ਨੂੰ ਇੰਨੀ ਜ਼ਿਆਦਾ ਆਦਤ ਪੈ ਚੁਕੀ ਹੈ ਕਿ ਪੂਰੇ ਵਿਸ਼ਵ 'ਚ ਇਕ ਸਾਲ 'ਚ 10 ਖਰਬ ਪਲਾਸਟਿਕ ਬੈਗਜ਼ ਦੀ ਵਰਤੋਂ ਤੋਂ ਬਾਅਦ ਸੁੱਟ ਦਿੱਤੇ ਜਾਂਦੇ ਹਨ। ਕੇਂਦਰੀ ਵਾਤਾਵਰਣ ਕੰਟਰੋਲ ਬੋਰਡ ਦੇ ਇਕ ਅਧਿਐਨ ਅਨੁਸਾਰ ਸਾਡੇ ਦੇਸ਼ 'ਚ ਇਕ ਵਿਅਕਤੀ ਇਕ ਸਾਲ 'ਚ ਔਸਤਨ 7 ਕਿਲੋ ਪਲਾਸਟਿਕ ਕੂੜਾ (ਪਾਲੀਥੀਨ ਬੈਗਜ਼, ਪਲਾਸਟਿਕ ਰੈਪ ਪੈਕਿੰਗ ਆਦਿ) ਸੁੱਟਦਾ ਹੈ। ਵਾਤਾਵਰਣ ਵਿਗਿਆਨੀਆਂ ਨੇ ਪਲਾਸਟਿਕ ਦੇ 20 ਮਾਈਕ੍ਰੋਨ ਜਾਂ ਇਨ੍ਹਾਂ ਤੋਂ ਪਤਲੇ ਉਤਪਾਦ ਨੂੰ ਵਾਤਾਵਰਣ ਲਈ ਬਹੁਤ ਖਤਰਨਾਕ ਦੱਸਿਆ ਹੈ।

ਕਿੰਨਾ ਖਤਰਨਾਕ ਪਲਾਸਟਿਕ ਅਤੇ ਪਾਲੀਥੀਨ
ਭਾਰਤ 'ਚ ਹੀ ਨਹੀਂ ਪੂਰੇ ਵਿਸ਼ਵ 'ਚ ਕਈ ਕਾਰਨਾਂ ਕਰ ਕੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਜਿਸ ਲਈ ਮਨੁੱਖ ਹੀ ਜ਼ਿੰਮੇਵਾਰ ਹੈ। ਇਕ ਰਿਪੋਰਟ ਅਨੁਸਾਰ ਪਾਲੀਥੀਨ ਇਸਤੇਮਾਲ ਨਾਲ ਲੋਕ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜ਼ਮੀਨ ਦੇ ਬੰਜ਼ਰ ਹੋਣ ਦੀਆਂ ਸੰਭਾਵਨਾਵਾਂ ਵਧ ਰਹੀਆਂ ਹਨ। ਜ਼ਮੀਨ ਹੇਠਲੇ ਪਾਣੀ ਦੇ ਸਰੋਤ ਦੂਸ਼ਿਤ ਹੋ ਕੇ ਪਾਣੀ ਨਾਲ ਹੋਣ ਵਾਲੇ ਰੋਗਾਂ ਨੂੰ ਜਨਮ ਦੇ ਰਹੇ ਹਨ। ਪਲਾਸਟਿਕ ਦੀ ਵਰਤੋਂ ਨਾਲ ਲੋਕਾਂ ਦੇ ਖੂਨ 'ਚ ਥੈਲੇਟਸ ਦੀ ਮਾਤਰਾ ਵਧ ਜਾਂਦੀ ਹੈ। ਇਸ ਨਾਲ ਗਰਭਵਤੀ ਔਰਤਾਂ ਦੇ ਸ਼ਿਸ਼ੂ ਦਾ ਵਿਕਾਸ ਰੁਕ ਜਾਂਦਾ ਹੈ।

ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ
ਵਾਤਾਵਰਣ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੇ 2954.72 ਕਰੋੜ ਰੁਪਏ ਵੰਡੇ ਹਨ। ਹਰਿਤ ਭਾਰਤ ਰਾਸ਼ਟਰੀ ਮਿਸ਼ਨ ਦੇ ਬਜਟ 'ਚ ਇਸ ਸਾਲ 240 ਕਰੋੜ ਰੁਪਏ ਵੰਡੇ ਗਏ ਹਨ। ਬਜਟ 'ਚ ਪ੍ਰਾਜੈਕਟ ਟਾਈਗਰ ਲਈ ਇਸ ਸਾਲ ਵੀ 350 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਪ੍ਰਾਜੈਕਟ ਐਲੀਫੈਂਟ ਲਈ 30 ਕਰੋੜ ਰੁਪਏ ਵੰਡੇ ਗਏ ਹਨ।

ਕੀ ਵਰਤਮਾਨ 'ਚ ਜਿਉਂਣ ਦੇ ਆਦੀ ਹੋ ਚੁਕੇ ਹਨ ਲੋਕ
ਸ਼ਾਇਦ ਅਸੀਂ ਸਾਰੇ ਵਰਤਮਾਨ 'ਚ ਜਿਉਂਣ ਦੇ ਆਦੀ ਹੋ ਚੁਕੇ ਹਾਂ। ਸਾਡੀ ਭਵਿੱਖ ਦੀ ਕਲਪਣਾ  ਆਪਣੇ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਕਰੀਅਰ ਤੱਕ ਹੀ ਸਿਮਟਦੀ ਜਾ ਰਹੀ ਹੈ। ਗਲੋਬਲ ਪੱਧਰ 'ਤੇ ਲਗਾਤਾਰ ਹੋ ਰਹੇ ਸੋਧਾਂ ਅਨੁਸਾਰ ਸਵੱਛ ਵਾਤਾਵਰਣ ਦੀ ਕਮੀ 'ਚ ਆਉਣ ਵਾਲੀਆਂ ਪੀੜ੍ਹੀਆਂ ਭਿਆਨਕ ਜਾਨਲੇਵਾ ਬੀਮਾਰੀਆਂ ਨਾਲ ਜੰਗ ਲੜਦੇ ਹੋਏ ਘੱਟ ਉਮਰ 'ਚ ਹੀ ਦਮ ਤੋੜ ਦੇਣਗੀਆਂ। ਪਲਾਸਟਿਕ ਬੈਗ ਦੀ ਗੱਲ ਕਰੀਏ ਤਾਂ ਇਹ ਜ਼ਹਿਰੀਲੇ ਰਸਾਇਣਾਂ ਨਾਲ ਤਿਆਰ ਹੁੰਦਾ ਹੈ ਅਤੇ ਲੋਕ ਵੱਡੇ ਸ਼ੌਕ ਨਾਲ ਆਪਣੇ ਸਬਜ਼ੀਆਂ, ਫਲ, ਰਾਸ਼ਨ ਆਦਿ ਇਸ 'ਚ ਘਰ ਲਿਜਾਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦਾ ਪਾਲੀਥੀਨ ਬੈਗਜ਼ ਨੂੰ ਖਤਮ ਕਰਨ ਦਾ ਐਲਾਨ ਸਵੱਛ ਅਤੇ ਸਿਹਤ ਭਾਰਤ ਦੇ ਨਿਰਮਾਣ 'ਚ ਅਹਿਮ ਯੋਗਦਾਨ ਦੇਣ ਵਾਲਾ ਹੈ। ਜੇਕਰ ਸਾਰੇ ਦੇਸ਼ਵਾਸੀ ਇਸ ਮੁਹਿੰਮ ਨੂੰ ਸਫ਼ਲ ਬਣਾਉਂਦੇ ਹਨ ਤਾਂ ਸਾਨੂੰ ਕਈ ਖਤਰਨਾਕ ਬੀਮਾਰੀਆਂ ਤੋਂ ਛੁਟਕਾਰਾ ਤਾਂ ਮਿਲੇਗਾ ਹੀ, ਨਾਲ ਹੀ ਸਵੱਛ ਵਾਤਾਵਰਣ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਵੀ ਸਾਬਤ ਹੋਵੇਗਾ।

DIsha

This news is Content Editor DIsha