ਅਮੀਰ ਸ਼ਹਿਰ ਮੁੰਬਈ ਵਿਚ ਦੁਕਾਨਦਾਰ ਸਬਜ਼ੀਆਂ ਤੇ ਫਲ ਰੱਖਦੇ ਹਨ ਗਟਰ ''ਚ

02/12/2018 4:23:04 PM

ਮੁੰਬਈ — ਸੋਸ਼ਲ ਮੀਡੀਆ 'ਤੇ ਅੱਜਕੱਲ੍ਹ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਕੁਝ ਸਬਜ਼ੀਆਂ ਵਾਲੇ ਗਟਰ ਦੇ ਅੰਦਰੋਂ ਸਬਜ਼ੀਆਂ ਕੱਢਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸਾਂਤਾਕ੍ਰੂਜ ਦੇ ਵਕੋਲਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ।


ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਸਬਜ਼ੀ ਵਾਲੇ ਆਪਣੀਆਂ ਸਬਜ਼ੀਆਂ ਨੂੰ ਗਟਰ ਦੇ ਅੰਦਰੋਂ ਕੱਢਦੇ ਦਿਖਾਈ ਦੇ ਰਹੇ ਹਨ। ਦਰਅਸਲ ਬੀ.ਐੱਮ.ਸੀ. ਦੇ ਅਧਿਕਾਰੀਆਂ ਤੋਂ ਬਚਣ ਲਈ ਸਬਜ਼ੀਆਂ ਵਾਲੇ ਆਪਣੀਆਂ ਸਬਜ਼ੀਆਂ ਨੂੰ ਗਟਰ ਵਿਚ ਲੁਕਾ ਦਿੰਦੇ ਹਨ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਫਿਰ ਕੱਢ ਲੈਂਦੇ ਹਨ। ਗਟਰ ਵਿਚ ਫਲ ਅਤੇ ਸਬਜ਼ੀਆਂ ਨੂੰ ਲੁਕਾਉਣ ਵਾਲੇ ਵਾਕੋਲਾ ਦੇ ਸਬਜ਼ੀ ਵਾਲਿਆਂ ਦੇ ਖਿਲਾਫ ਪੁਲਸ ਹੁਣ ਐੱਫ.ਆਈ.ਆਰ. ਦਰਜ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਸਬਜ਼ੀ ਵਾਲਿਆਂ ਦੀ ਇਸ ਕਰਤੂਤ ਦੇ ਬਦਲੇ ਸਰਕਾਰ ਨੇ ਇਲਾਕੇ 'ਚ ਬੁਲਡੋਜ਼ਰ ਚਲਾ ਕੇ ਸਖਤ ਕਾਰਵਾਈ ਨੂੰ ਅੰਜ਼ਾਮ ਦਿੱਤਾ। 


ਜ਼ਿਕਰਯੋਗ ਹੈ ਕਿ ਮੁੰਬਈ ਵਿਚ ਭਾਰੀ ਬਾਰਿਸ਼ ਦੌਰਾਨ ਵਾਧੂ ਪਾਣੀ ਨੂੰ ਇਲਾਕੇ 'ਚੋਂ ਬਾਹਰ ਕੱਢਣ ਲਈ ਇਹ ਗਟਰ ਬਣਾਏ ਗਏ ਹਨ। ਅਜਿਹੇ 'ਚ ਸਬਜ਼ੀਆਂ ਵਾਲਿਆਂ ਵਲੋਂ ਸਬਜ਼ੀਆਂ ਅਤੇ ਫਲਾਂ ਨੂੰ ਇਨ੍ਹਾਂ ਗਟਰਾਂ 'ਚ ਲੁਕਾ ਕੇ ਰੱਖਣ ਕਾਰਨ ਮੁੰਬਈ ਵਾਸੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਬੀ.ਐੱਮ.ਸੀ. ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵੀਡੀਓ ਦਾ ਅਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।