ਦੇਸ਼ ਦੇ ਕਈ ਹਿੱਸਿਆਂ ''ਚ ਪਿਆਜ਼ 150 ਰੁਪਏ ਕਿਲੋ

12/06/2019 12:06:41 AM

ਨਵੀਂ ਦਿੱਲੀ— ਪਿਆਜ਼ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਅਤੇ ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਖਾਸ ਅਸਰ ਹੁੰਦਾ ਦਿਸ ਨਹੀਂ ਰਿਹਾ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਤੇ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਸਮੇਤ ਦੇਸ਼ ਦੇ ਅਨੇਕਾਂ ਹਿੱਸਿਆਂ ਵਿਚ ਪਿਆਜ਼ 150 ਰੁਪਏ ਕਿਲੋ ਵਿਕ ਰਿਹਾ ਹੈ। ਵਰਖਾ ਕਾਰਨ ਪਿਛਲੇ ਕੁਝ ਦਿਨਾਂ ਵਿਚ ਪਿਆਜ਼ ਦੀ ਸਪਲਾਈ ਵੀ ਰੁਕ ਗਈ ਹੈ ਜਿਸ ਕਾਰਨ ਭਾਅ ਹੋਰ ਵਧਦੇ ਜਾ ਰਹੇ ਹਨ। ਇਸ ਕਾਰਨ ਗਰੀਬ ਤੇ ਦਰਮਿਆਨੇ ਤਬਕਿਆਂ ਲਈ ਸਬਜ਼ੀ ਖਾਣਾ ਵੀ ਮੁਸ਼ਕਲ ਹੋ ਗਿਆ ਹੈ। ਹੁਣ ਲੋਕ 250 ਗ੍ਰਾਮ ਪਿਆਜ਼ ਹੀ ਖਰੀਦ ਰਹੇ ਹਨ। ਦੇਸ਼ ਵਿਚ 15 ਜਨਵਰੀ ਤਕ 21 ਹਜ਼ਾਰ ਟਨ ਦਰਾਮਦਸ਼ੁਦਾ ਪਿਆਜ਼ ਆਉਣ ਦੀ ਆਸ ਹੈ ਜਿਸ ਨਾਲ ਸਥਿਤੀ ਵਿਚ ਕੁਝ ਸੁਧਾਰ ਦੀ ਆਸ ਕੀਤੀ ਜਾ ਰਹੀ ਹੈ।

ਹਿੰਦੂਤਵ ਲਈ ਪਿਆਜ਼ ਤੇ ਲਸਣ ਨਹੀਂ ਖਾਣਾ, ਇਹ ਸਾਡੀ ਸੰਸਕ੍ਰਿਤੀ ਲਈ ਚੰਗਾ ਨਹੀਂ : ਦਿਗਵਿਜੇ
ਕਾਂਗਰਸ ਦੇ ਸੀਨੀਅਰ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਪਿਆਜ਼ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਕਾਰਨ ਮੋਦੀ ਹਕੂਮਤ ਦੀ ਨਿਖੇਧੀ ਕਰਦੇ ਹੋਏ ਕਿਹੈ ਹੈ ਕਿ ਪਿਆਜ਼ ਦੀਆਂ ਵਧੀਆਂ ਕੀਮਤਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸ਼ੀ ਚੰਗੀ ਨਹੀਂ ਹੈ ਸਗੋਂ ਉਨ੍ਹਾਂ ਨੂੰ ਪਿਆਜ਼ ਦਾ ਬਾਈਕਾਟ ਕਰਨਾ ਚਾਹੀਦਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਮੋਦੀ ਜੀ ਨੂੰ ਕਹਿਣਾ ਚਾਹੀਦਾ ਹੈ ਕਿ ਜੇਕਰ ਹਿੰਦੂਤਵ ਨੂੰ ਪੂਰਾ ਅਪਣਾਉਣਾ ਹੈ ਤਾਂ ਪਿਆਜ਼ ਤੇ ਲਸਣ ਨਹੀਂ ਖਾਣਾ ਹੈ। ਸਾਡੀ ਸਿਹਤ ਤੇ ਸੰਸਕ੍ਰਿਤੀ ਲਈ ਇਸ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ।


ਵਿੱਤ ਮੰਤਰੀ ਨੂੰ ਕੇਕ ਖਾਣ ਦਿਓ, ਉਹ ਪਿਆਜ਼ ਨਹੀਂ ਖਾਂਦੀ : ਰਿਚਾ ਚੱਢਾ
ਮੁੰਬਈ : ਅਦਾਕਾਰਾ ਰਿਚਾ ਚੱਢਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਿਆਜ਼ ਬਾਰੇ ਬਿਆਨ 'ਤੇ ਵਿਅੰਗ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਕੇਕ ਖਾਣ ਦਿਓ ਕਿਉਂਕਿ ਉਹ ਪਿਆਜ਼ ਨਹੀਂ ਖਾਂਦੇ ਹਨ। ਦੱਸਣਯੋਗ ਹੈ ਕਿ ਪਿਆਜ਼ ਦੀਆਂ ਕੀਮਤਾਂ ਵਿਚ ਬੇਤਹਾਸ਼ਾ ਵਾਧੇ ਤੋਂ ਬਾਅਦ ਸੀਤਾਰਮਨ ਨੇ ਕਿਹਾ ਸੀ ਕਿ ਉਹ ਜ਼ਿਆਦਾ ਪਿਆਜ਼ ਤੇ ਲਸਣ ਨਹੀਂ ਖਾਂਦੇ ਹਨ। ਉਹ ਇਕ ਅਜਿਹੇ ਖਾਨਦਾਨ ਤੋਂ ਹਨ ਜਿਥੇ ਪਿਆਜ਼ ਤੇ ਲਸਣ ਵੱਲ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਜਾਂਦੀ।

KamalJeet Singh

This news is Content Editor KamalJeet Singh