ਕੋਰੋਨਾ ਦੇ ਖ਼ੌਫ਼ 'ਚ ਰਾਹਤ ਭਰੀ ਖ਼ਬਰ, 1 ਲੱਖ ਤੋਂ ਵਧੇਰੇ ਲੋਕ ਹੋਏ ਠੀਕ

06/04/2020 12:13:11 PM

ਨਵੀਂ ਦਿੱਲੀ— ਦੁਨੀਆ ਭਰ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ 'ਚ ਵੀ ਕੋਰੋਨਾ ਦੇ ਮਾਮਲਿਆਂ 'ਚ ਵੱਡਾ ਇਜਾਫਾ ਹੋ ਰਿਹਾ ਹੈ। ਬੀਤੇ 24 ਘੰਟਿਆਂ ਵਿਚ ਭਾਰਤ 'ਚ ਕੋਰੋਨਾ ਦੇ 9,304 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦਰਮਿਆਨ ਚੰਗੀ ਅਤੇ ਰਾਹਤ ਭਰੀ ਖ਼ਬਰ ਇਹ ਵੀ ਹੈ ਕਿ ਸਾਡਾ ਰਿਕਵਰੀ ਰੇਟ ਕਾਫੀ ਵਧਿਆ ਹੈ। ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਦੇ ਹੁਣ ਤੱਕ 2,16,919 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 1,04,107 ਲੋਕ ਠੀਕ ਵੀ ਹੋ ਚੁੱਕੇ ਹਨ।

ਅਮਰੀਕਾ, ਬ੍ਰਾਜ਼ੀਲ, ਰੂਸ, ਬ੍ਰਿਟੇਨ, ਸਪੇਨ ਅਤੇ ਇਟਲੀ ਤੋਂ ਬਾਅਦ ਭਾਰਤ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ 7ਵਾਂ ਦੇਸ਼ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਇਕ ਪਾਸੇ ਭਾਰਤ 'ਚ ਮਾਮਲੇ ਵੱਧ ਰਹੇ ਹਨ, ਉੱਥੇ ਹੀ ਓਨੀ ਹੀ ਰਫ਼ਤਾਰ ਨਾਲ ਲੋਕ ਠੀਕ ਵੀ ਹੋ ਰਹੇ ਹਨ। ਭਾਰਤ ਵਿਚ ਹੁਣ ਤੱਕ 6,075 ਲੋਕਾਂ ਦੀ ਮੌਤ ਹੋ ਚੁੱਕੀ ਹੈ, ਯਾਨੀ ਕਿ ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ ਹੈ। 



ਓਧਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਨੇ ਕਿਹਾ ਕਿ ਦੇਸ਼ 'ਚ ਹੁਣ ਤੱਕ 42,42,718 ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਆਈ. ਸੀ. ਐੱਮ. ਆਰ. ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 1,39,485 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਇਸ ਸਮਰੱਥਾ ਨੂੰ ਹੋਰ ਵਧਾ ਕੇ ਰੋਜ਼ਾਨਾ ਦੋ ਲੱਖ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਹਿੰਦੀ ਗੱਲ ਇਹ ਹੈ ਕਿ ਅਸੀਂ ਸਾਰੇ ਕੋਰੋਨਾ ਵਾਇਰਸ ਨੂੰ ਮਾਤ ਦੇ ਸਕਦੇ ਹਾਂ। ਬਾਹਰ ਨਿਕਲੋ ਤਾਂ ਮਾਸਕ ਜ਼ਰੂਰ ਪਹਿਨੋ, ਹੱਥਾਂ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਧੋਵੋ, ਸਮਾਜਿਕ ਦੂਰੀ ਦਾ ਪਾਲਣ ਕਰੋ। ਕਿਉਂਕਿ ਇਸ ਵਾਇਰਸ ਨੂੰ ਹਰਾਉਣ ਲਈ ਅਜੇ ਤੱਕ ਨਾ ਕੋਈ ਦਵਾਈ ਬਣੀ ਹੈ ਅਤੇ ਨਾ ਹੀ ਵੈਕਸੀਨ।

ਓਧਰ ਹੀ ਇਕ ਨਵੀਂ ਗੱਲ ਵੀ ਸਾਹਮਣੇ ਆਈ ਹੈ। ਕੁਝ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਨੇ ਨਵੰਬਰ-ਦਸੰਬਰ 2019 'ਚ ਵੀ ਦਸਤਕ ਦੇ ਦਿੱਤੀ ਸੀ। ਉਂਝ ਤਾਂ ਭਾਰਤ 'ਚ ਕੋਰੋਨਾ ਦਾ ਪਹਿਲਾਂ ਕੇਸ 30 ਜਨਵਰੀ ਨੂੰ ਕੇਰਲ ਸੂਬੇ 'ਚ ਮਿਲਿਆ ਸੀ। ਚੀਨ ਦੇ ਵੁਹਾਨ ਨੋਵੇਲ ਕੋਰੋਨਾ ਵਾਇਰਸ ਦਸੰਬਰ 2019 ਵਿਚ ਫੈਲਿਆ ਸੀ। ਜਿਸ ਤੋਂ ਬਾਅਦ ਇਸ ਵਾਇਰਸ ਨੇ ਦੁਨੀਆ ਦੇ ਤਮਾਮ ਵੱਡੇ-ਛੋਟੇ ਦੇਸ਼ਾਂ 'ਚ ਆਪਣੇ ਪੈਰ ਪਸਾਰ ਲਏ।

Tanu

This news is Content Editor Tanu