ਭਾਰਤ 'ਚ ਹਰ 16 ਮਿੰਟ 'ਚ ਇੱਕ ਜਨਾਨੀ ਨਾਲ ਹੁੰਦੈ ਬਲਾਤਕਾਰ: NCRB ਰਿਪੋਰਟ

10/02/2020 1:47:05 AM

ਨਵੀਂ ਦਿੱਲੀ - ਯੂ.ਪੀ. ਦੇ ਹਾਥਰਸ 'ਚ ਇੱਕ ਦਲਿਤ ਕੁੜੀ ਨਾਲ ਹੋਏ ਗੈਂਗਰੇਪ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਦੇਸ਼ 'ਚ ਜਨਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਇਸ ਮਾਮਲੇ ਦੇ ਤੁਰੰਤ ਬਾਅਦ ਹੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਕ੍ਰਾਈਮ ਇਨ ਇੰਡੀਆ 2019 ਰਿਪੋਰਟ ਜਾਰੀ ਕੀਤੀ ਹੈ। ਐੱਨ.ਸੀ.ਆਰ.ਬੀ. ਦੇ ਅੰਕੜਿਆਂ ਦੀ ਸਪੱਸ਼ਟ ਤਸਵੀਰ ਪੇਸ਼ ਕਰਦੀ ਹੈ ਕਿ ਦੇਸ਼ 'ਚ ਜਨਾਨੀਆਂ ਖ਼ਿਲਾਫ਼ ਅਪਰਾਧ ਕਿੰਨੇ ਆਮ ਹਨ।

ਐੱਨ.ਸੀ.ਆਰ.ਬੀ. ਦੇ ਅੰਕੜਿਆਂ ਮੁਤਾਬਕ, ਭਾਰਤ 'ਚ ਹਰ 16 ਮਿੰਟ 'ਚ ਇੱਕ ਜਨਾਨੀ ਨਾਲ ਬਲਾਤਕਾਰ ਹੁੰਦਾ ਹੈ। ਹਰ ਚਾਰ ਘੰਟੇ 'ਚ ਇੱਕ ਜਨਾਨੀ ਦੀ ਤਸਕਰੀ ਕੀਤੀ ਜਾਂਦੀ ਹੈ ਅਤੇ ਹਰ ਚਾਰ ਮਿੰਟ 'ਚ ਇੱਕ ਜਨਾਨੀ ਆਪਣੇ ਸਹੁਰਾ-ਘਰ ਵਾਲਿਆਂ ਦੇ ਹੱਥੋਂ ਬੇਰਹਿਮੀ ਦਾ ਸ਼ਿਕਾਰ ਹੁੰਦੀ ਹੈ। ਸਾਲ 2019 'ਚ ਹੁਣ ਤੱਕ ਦਰਜ ਮਾਮਲਿਆਂ ਮੁਤਾਬਕ ਭਾਰਤ 'ਚ ਔਸਤਨ ਰੋਜ਼ਾਨਾ 87 ਰੇਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਸਾਲ ਦੇ ਸ਼ੁਰੂਆਤੀ 9 ਮਹੀਨਿਆਂ 'ਚ ਔਰਤਾਂ ਖ਼ਿਲਾਫ਼ ਹੁਣ ਤੱਕ ਕੁਲ 4,05,861 ਅਪਰਾਧਿਕ ਮਾਮਲੇ ਦਰਜ ਹੋ ਚੁੱਕੇ ਹਨ।

ਹਰ ਘੰਟੇ ਦਾਜ ਕਾਰਨ ਇੱਕ ਮੌਤ
ਐੱਨ.ਸੀ.ਆਰ.ਬੀ. ਦੇ ਅੰਕੜਿਆਂ 'ਤੇ ਨਜ਼ਰ ਪਾਈਏ ਤਾਂ ਪਤਾ ਚੱਲਦਾ ਹੈ ਕਿ 2019 ਤੱਕ ਭਾਰਤ 'ਚ ਹਰ 1 ਘੰਟੇ 13 ਮਿੰਟ 'ਚ ਇੱਕ ਜਨਾਨੀ ਨੂੰ ਦਾਜ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ 2-3 ਦਿਨਾਂ 'ਚ ਇੱਕ ਕੁੜੀ 'ਏਸਿਡ ਅਟੈਕ ਦਾ ਸ਼ਿਕਾਰ ਹੁੰਦੀ ਹੈ।

ਆਪਣੇ ਹੀ ਕਰਦੇ ਹਨ ਜਨਾਨੀਆਂ ਨਾਲ ਬੇਰਹਿਮੀ
NCRB ਦੇ ਅੰਕੜਿਆਂ ਮੁਤਾਬਕ, ਭਾਰਤੀ ਦੰਡਾਵਲੀ ਦੇ ਤਹਿਤ ਦਰਜ ਇਨ੍ਹਾਂ ਮਾਮਲਿਆਂ 'ਚੋਂ ਜ਼ਿਆਦਾਤਰ ਪਤੀ ਜਾਂ ਉਸ ਦੇ ਰਿਸ਼ਤੇਦਾਰਾਂ ਵੱਲੋਂ ਬੇਰਹਿਮੀ (30.9 ਫ਼ੀਸਦੀ) ਦੇ ਮਾਮਲੇ ਹਨ, ਇਸ ਤੋਂ ਬਾਅਦ ਉਨ੍ਹਾਂ ਦੀ ਕੁਲੀਨਤਾ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਜਨਾਨੀਆਂ 'ਤੇ ਹਮਲੇ (21.8 ਫ਼ੀਸਦੀ), ਔਰਤਾਂ ਦੇ ਅਗਵਾ (17.9 ਫ਼ੀਸਦੀ) ਦੇ ਮਾਮਲੇ ਦਰਜ ਹਨ।
 

Inder Prajapati

This news is Content Editor Inder Prajapati