ਭਾਰਤ ’ਚ 1 ਕੋਰੋਨਾ ਮਰੀਜ਼ ਲੱਭਣ ਲਈ ਕੀਤਾ ਜਾਂਦੈ 24 ਲੋਕਾਂ ਦਾ ਟੈਸਟ

04/17/2020 8:08:15 PM

ਮੁੰਬਈ (ਇੰਟ.)–ਕੋਰੋਨਾ ਦਾ ਕਹਿਰ ਵਧਣ ਦੇ ਨਾਲ ਹੀ ਸਰਕਾਰ ’ਤੇ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਉਹ ਦੇਸ਼ ਵਿਚ ਇਨਫੈਕਸ਼ਨ ਦਾ ਅਸਲ ਵਿਸਥਾਰ ਦਾ ਪਤਾ ਲਾਉਣ ਲਈ ਓਨੇ ਜ਼ਿਆਦਾ ਟੈਸਟ ਨਹੀਂ ਕਰ ਰਹੀ ਹੈ, ਜਿੰਨੇ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਵਿਚ ਸਵਾਲ ਉਠਦਾ ਹੈ ਕਿ ਭਾਰਤ ਵਿਚ 1 ਕੋਰੋਨਾ ਪਾਜ਼ੇਟਿਵ ਲੱਭਣ ਲਈ ਕਿੰਨੇ ਲੋਕਾਂ ਦੇ ਟੈਸਟ ਕਰਨੇ ਪੈਂਦੇ ਹਨ। ਇਸ ਦੇ ਲਈ ਜੋ ਗਿਣਤੀ ਨਿਰਧਾਰਿਤ ਕੀਤੀ ਗਈ ਹੈ, ਉਹ ਹੈ 24 ਮਤਲਬ 24 ਟੈਸਟਾਂ ਤੋਂ ਬਾਅਦ 1 ਪਾਜ਼ੇਟਿਵ ਮਰੀਜ਼ ਪਕੜ ਵਿਚ ਆ ਜਾਂਦਾ ਹੈ।

ਆਲੋਚਨਾ ਦੇ ਬਾਵਜੂਦ ਸਿਹਤ ਵਿਭਾਗ ਅਤੇ ਆਈ. ਸੀ. ਐੱਮ. ਆਰ. ਆਪਣੀ ਇਕ ਅਪ੍ਰੋਚ ਨੂੰ ਬਿਲਕੁਲ ਸਹੀ ਮੰਨਦੇ ਹਨ। ਆਈ. ਸੀ. ਐੱਮ. ਆਰ. ਦਾ ਕਹਿਣਾ ਹੈ ਕਿ ਕੋਰੋਨਾ ਇਨਫੈਕਸ਼ਨ ਤੋਂ ਪਤਾ ਲਾਉਣ ਲਈ ਜਨਗਣਨਾ ਆਧਾਰਤ ਟੈਸਟਿੰਗ ਦਾ ਸਹੀ ਤਰੀਕਾ ਨਹੀਂ ਹੈ। ਆਈ. ਸੀ. ਐੱਮ. ਆਰ. ਦੇ ਡਾਕਟਰ ਗੰਗਾਖੇਡਕਰ ਅਨੁਸਾਰ ਭਾਰਤ ਨਾਲ ਤੁਲਨਾ ਕਰੀਏ ਤਾਂ ਜਾਪਾਨ ਵਿਚ 1 ਕੋਰੋਨਾ ਪਾਜ਼ੇਟਿਵ ਮਰੀਜ਼ ਲੱਭਣ ਲਈ 11 ਲੋਕਾਂ ਦਾ ਟੈਸਟ ਕਰਨਾ ਪੈਂਦਾ ਹੈ, ਇਟਲੀ ਵਿਚ 3.4 ਜਦਕਿ ਯੂ. ਕੇ. ਵਿਚ 5.3 ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਦੇਸ਼ਾਂ ਦੀ ਤੁਲਨਾ ਵਿਚ ਭਾਰਤ ਵਿਚ ਵਿਸ਼ਾਣੂ ਦੇ ਘੱਟ ਫੈਲਾਅ ਕਾਰਣ ਇਥੇ 10 ਟੈਸਟਾਂ ਦੀ ਦਰ ਰੱਖੀ ਗਈ ਹੈ। ਪਿਛਲੇ ਹਫਤੇ ਦੇਸ਼ ਵਿਚ ਆਈ. ਸੀ. ਐੱਮ. ਆਰ. ਨੇ 1 ਲੱਖ ਟੈਸਟ ਕੀਤੇ। ਗੰਗਾਖੇਡਕਰ ਅਨੁਸਾਰ ਸਰਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਲੋਕਾਂ ਦੇ ਟੈਸਟ ਕੀਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨੂੰ ਸਭ ਤੋਂ ਵੱਧ ਇਸ ਦੀ ਲੋੜ ਹੈ।

ਮੁੰਬਈ ਨੇ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੇ ਟੈਸਟ ਕੀਤੇ ਬੰਦ
ਮੁੰਬਈ ’ਚ ਸਭ ਤੋਂ ਵੱਧ ਕੋਰੋਨਾ ਮਰੀਜ਼ ਪਾਏ ਜਾ ਰਹੇ ਹਨ ਅਤੇ ਪਿਛਲੇ ਹਫਤੇ ਤੱਕ ਇਥੇ ਸਭ ਤੋਂ ਵੱਧ ਟੈਸਟ ਕੀਤੇ ਜਾ ਰਹੇ ਸਨ। ਹੁਣ ਉਸ ਨੇ ਵੀ ਆਪਣੀ ਰਣਨੀਤੀ ਬਦਲ ਲਈ ਹੈ। ਮੁੰਬਈ ਵਿਚ ਕੋਰੋਨਾ ਨਾਲ ਨਜਿੱਠਣ ਲਈ ਬੀ. ਐੱਮ. ਸੀ. ਨੇ ਕੋਵਿਡ-19 ਰੋਗੀਆਂ ਦੇ ਸੰਪਰਕ ਵਿਚ ਆਉਣ ਵਾਲੇ ਅਜਿਹੇ ਲੋਕਾਂ ਦੇ ਟੈਸਟ ਨਾ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿਚ ਕੋਈ ਲੱਛਣ ਨਜ਼ਰ ਨਹੀਂ ਆ ਰਹੇ। ਟੈਸਟ ਕਿੱਟਾਂ ਅਤੇ ਡਾਕਟਰੀ ਸਾਧਨ ਬਚਾਉਣ ਲਈ ਇਹ ਕਦਮ ਉਠਾਇਆ ਗਿਆ ਹੈ।

ਭਾਰਤ ’ਚ ਟੈਸਟ ਦੀ ਰਣਨੀਤੀ ’ਚ ਅਪਣਾਏ ਜਾਂਦੇ ਹਨ 6 ਬਿੰਦੂ
-14 ਦਿਨਾਂ ’ਚ ਉਨ੍ਹਾਂ ਲੋਕਾਂ ਦੇ ਟੈਸਟ ਜ਼ਰੂਰੀ ਤੌਰ ’ਤੇ ਕਰਨਾ ਜਿਨ੍ਹਾਂ ਨੇ ਵਿਦੇਸ਼ ਯਾਤਰਾ ਕੀਤੀ ਹੋਵੇ, ਉਨ੍ਹਾਂ ਵਿਚ ਚਾਹੇ ਲੱਛਣ ਦਿਖਾਈ ਦੇ ਰਹੇ ਹਨ ਜਾਂ ਨਾ।
-ਲੈਬ ਵਿਚ ਕੋਰੋਨਾ ਪਾਜ਼ੇਟਿਵ ਕਨਫਰਮ ਹੋਣ ਵਾਲੇ ਦੇ ਸੰਪਰਕ ਵਿਚ ਆਉਣ ਵਾਲੇ ਉਨ੍ਹਾਂ ਲੋਕਾਂ ਦੇ ਟੈਸਟ ਕਰਨਾ ਜਿਨ੍ਹਾਂ ’ਚ ਲੱਛਣ ਦਿਸ ਰਹੇ ਹੋਣ।
-ਜਿਨ੍ਹਾਂ ਸਿਹਤ ਕਰਮਚਾਰੀਆਂ ’ਚ ਲੱਛਣ ਪਾਏ ਜਾਣ।
-ਸਾਹ ਲੈਣ ਵਿਚ ਗੰਭੀਰ ਦਿਕਤ ਮਹਿਸੂਸ ਕਰਨ ਵਾਲੇ ਮਰੀਜ਼ਾਂ।
-ਹਾਟਸਪਾਟ, ਕਲੱਸਟਰਾਂ ਅਤੇ ਆਸਰਾ ਸਥਾਨਾਂ ’ਚ ਟੈਸਟ।
-ਜਿਨ੍ਹਾਂ ਲੋਕਾਂ ’ਚ ਬੁਖਾਰ, ਖਾਂਸੀ, ਗਲਾ ਖਰਾਬ ਹੋਣ ਅਤੇ ਨੱਕ ਵਗਣ ਦੇ ਲੱਛਣ ਪਾਏ ਜਾਣ।

Karan Kumar

This news is Content Editor Karan Kumar