ਗੁਜਰਾਤ ਵਿਚ ਸ਼ਰਦ ਧੜਾ ''ਆਟੋ ਰਿਕਸ਼ਾ'' ਚੋਣ ਨਿਸ਼ਾਨ ''ਤੇ ਲੜੇਗਾ ਚੋਣ

11/20/2017 8:14:25 AM

ਨਵੀਂ ਦਿੱਲੀ — ਜਨਤਾ ਦਲ ਯੂ. ਦੇ ਬਾਗੀ ਆਗੂ ਸ਼ਰਦ ਯਾਦਵ ਨੇ ਅੱਜ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦਾ ਧੜਾ ਕਾਂਗਰਸ ਨਾਲ ਰਲ ਕੇ 'ਆਟੋ ਰਿਕਸ਼ਾ' ਚੋਣ ਨਿਸ਼ਾਨ 'ਤੇ ਚੋਣ ਲੜੇਗਾ।
ਸ਼੍ਰੀ ਯਾਦਵ ਨੇ ਇਥੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕਾਂਗਰਸ ਨਾਲ ਰਲ ਕੇ ਚੋਣ ਲੜਨ ਬਾਰੇ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਸਬੰਧੀ ਰਸਮੀ ਐਲਾਨ ਕਾਂਗਰਸ ਵਲੋਂ ਕੀਤਾ ਜਾਵੇਗਾ। ਉਨ੍ਹਾਂ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹ ਗੁਜਰਾਤ ਵਿਚ ਕਿੰਨੀਆਂ ਸੀਟਾਂ 'ਤੇ ਚੋਣ ਲੜਨਗੇ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਐਲਾਨ ਕਾਂਗਰਸ ਦੇ ਆਗੂ ਹੀ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ਇਹ ਚੋਣ ਉਪਰੋਕਤ ਚੋਣ ਨਿਸ਼ਾਨ 'ਤੇ ਲੜਨਗੇ ਜੋ ਚੋਣ ਕਮਿਸ਼ਨ ਨੇ ਅਲਾਟ ਕੀਤਾ ਹੈ। ਯਾਦਵ ਨੇ ਦਾਅਵਾ ਕੀਤਾ ਕਿ ਗੁਜਰਾਤ ਵਿਚ ਲੋਕ ਤਬਦੀਲੀ ਚਾਹੁੰਦੇ ਹਨ ਅਤੇ ਉਥੋਂ ਦਾ ਮਾਹੌਲ ਸੱਤਾ ਵਿਰੋਧੀ ਹੈ ਜਿਸ ਕਾਰਨ ਇਸ ਚੋਣ 'ਚ ਭਾਜਪਾ ਬੁਰੀ ਤਰ੍ਹਾਂ ਹਾਰੇਗੀ।