ਚੀਫ ਜਸਟਿਸ ਮਹਾਦੋਸ਼: ਅਧੂਰੀ ਤਿਆਰੀ ''ਚ ਉਤਰੀ ਕਾਂਗਰਸ, ਪਾਰਟੀ ਦੇ ਅੰਦਰ ਹੀ ਮਤਭੇਦ

04/20/2018 3:40:24 PM

ਨਵੀਂ ਦਿੱਲੀ— ਕਾਂਗਰਸ ਪਾਰਟੀ ਨੇ ਭਾਵੇਂ ਹੀ 71 ਸੰਸਦ ਮੈਂਬਰਾਂ ਦੇ ਦਸਤਖ਼ਤ ਨਾਲ ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਦੇ ਪ੍ਰਸਤਾਵ ਦਾ ਨੋਟਿਸ ਉੱਪ ਰਾਸ਼ਟਰਪਤੀ ਨੂੰ ਸੌਂਪ ਦਿੱਤਾ ਹੈ ਪਰ ਵਿਰੋਧੀ ਧਿਰ 'ਚ ਹੁਣ ਵੀ ਇਸ ਦੇ ਪੱਖ 'ਚ ਇਕਜੁਟਤਾ ਨਹੀਂ ਦਿੱਸਦੀ। ਕਾਂਗਰਸ ਨੇ ਸੀ.ਪੀ.ਐੱਮ., ਸੀ.ਪੀ.ਆਈ., ਐੱਸ.ਪੀ., ਬਸਪਾ, ਐੱਨ.ਸੀ.ਪੀ. ਅਤੇ ਮੁਸਲਿਮ ਲੀਗ ਦੇ ਸਮਰਥਨ ਦਾ ਪੱਤਰ ਉੱਪ ਰਾਸ਼ਟਰਪਤੀ ਨੂੰ ਸੌਂਪਿਆ ਹੈ ਪਰ ਬਿਹਾਰ 'ਚ ਪਾਰਟੀ ਨਾਲ ਗਠਜੋੜ 'ਚ ਸ਼ਾਮਲ ਲਾਲੂ ਪ੍ਰਸਾਦ ਦੀ ਰਾਜਦ ਅਤੇ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਉਸ ਦੇ ਇਸ ਪ੍ਰਸਤਾਵ ਨਾਲ ਨਜ਼ਰ ਨਹੀਂ ਆ ਰਹੇ। ਦੋਹਾਂ ਦਲਾਂ ਨੇ ਮਹਾਦੋਸ਼ ਨੂੰ ਲੈ ਕੇ ਹੋਈ ਮੀਟਿੰਗ 'ਚ ਵੀ ਹਿੱਸਾ ਨਹੀਂ ਲਿਆ। ਪ੍ਰਸਤਾਵ ਦਾ ਸਮਰਥਨ ਕਰਨ ਵਾਲੀ ਮੁੱਖ ਖੱਬੇ ਪੱਖੀ ਪਾਰਟੀ ਸੀ.ਪੀ.ਐੱਮ. 'ਚ ਵੀ ਇਸ ਨੂੰ ਲੈ ਕੇ ਮਤਭੇਦ ਦੀ ਸਥਿਤੀ ਦਿੱਸ ਰਹੀ ਹੈ। ਇਕ ਪਾਸੇ ਸੀ.ਪੀ.ਐੱਮ. ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪ੍ਰਸਤਾਵ ਦਾ ਸਮਰਥਨ ਦੇਣ ਦੀ ਗੱਲ ਕਹੀ ਤਾਂ ਸੀਨੀਅਰ ਲੀਡਰ ਪ੍ਰਕਾਸ਼ ਕਰਾਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧ 'ਚ ਕੋਈ ਜਾਣਕਾਰੀ ਹੀ ਨਹੀਂ ਹੈ। ਜ਼ਿਕਰਯੋਗ ਹੈ ਕਿ ਓਡੀਸ਼ਾ ਦੀ ਸੱਤਾਧਾਰੀ ਪਾਰਟੀ ਬੀ.ਜੇ.ਡੀ. ਪਹਿਲਾਂ ਤੋਂ ਹੀ ਇਸ ਪ੍ਰਸਤਾਵ ਦੇ ਸਮਰਥਨ 'ਚ ਨਹੀਂ ਹੈ। ਇਹੀ ਨਹੀਂ ਖੁਦ ਕਾਂਗਰਸ ਪਾਰਟੀ ਦੇ ਅੰਦਰ ਵੀ ਇਸ ਪ੍ਰਸਤਾਵ ਨੂੰ ਲੈ ਕੇ ਮਤਭੇਦ ਦੀ ਸਥਿਤੀ ਦਿੱਸਦੀ ਹੈ। ਸੀਨੀਅਰ ਲੀਡਰ ਅਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਉਹ ਇਸ ਪ੍ਰਸਤਾਵ ਦੇ ਪੱਖ 'ਚ ਨਹੀਂ ਹੈ। ਉੱਥੇ ਹੀ ਮਨਮੋਹਨ ਸਿੰਘ ਨੂੰ ਲੈ ਕੇ ਪਾਰਟੀ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਦੇ ਦਸਤਖ਼ਤ ਇਸ ਲਈ ਨਹੀਂ ਕਰਵਾਏ ਹਨ, ਕਿਉਂਕਿ ਉਹ ਸਾਬਕਾ ਪੀ.ਐੱਮ. ਹਨ ਅਤੇ ਉਨ੍ਹਾਂ ਦੀ ਸੰਵਿਧਾਨਕ ਮਰਿਆਦਾ ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਨੂੰ ਇਸ ਤੋਂ ਵੱਖ ਰੱਖਿਆ ਗਿਆ ਹੈ।

ਖੁਰਸ਼ੀਦ ਬੋਲੇ, ਮਹਾਦੋਸ਼ ਦੀ ਚਰਚਾ 'ਚ ਮੈਂ ਸ਼ਾਮਲ ਨਹੀਂ
ਕਾਂਗਰਸ ਨੇਤਾ ਖੁਰਸ਼ੀਦ ਨੇ ਮਹਾਦੋਸ਼ ਪ੍ਰਸਤਾਵ ਨੂੰ ਲੈ ਕੇ ਕਿਹਾ,''ਮਹਾਦੋਸ਼ ਇਕ ਗੰਭੀਰ ਮਾਮਲਾ ਹੈ। ਮੈਂ ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਪ੍ਰਸਤਾਵ 'ਤੇ ਕਾਂਗਰਸ ਪਾਰਟੀ ਦੀ ਚਰਚਾ 'ਚ ਸ਼ਾਮਲ ਨਹੀਂ ਹਾਂ।'' ਖੁਰਸ਼ੀਦ ਨੇ ਕਿਹਾ ਕਿ ਅਦਾਲਤ ਤੋਂ ਹਰ ਕੋਈ ਸਹਿਮਤ ਨਹੀਂ ਹੋ ਸਕਦਾ ਹੈ, ਇੱਥੇ ਤੱਕ ਕਿ ਖੁਦ ਅਦਾਲਤ ਦੇ ਜੱਜ ਆਪਸ 'ਚ ਸਹਿਮਤ ਨਹੀਂ ਹੁੰਦੇ ਹਨ। ਕੋਰਟ ਦੇ ਫੈਸਲੇ ਵੀ ਪਲਟ ਦਿੱਤੇ ਜਾਂਦੇ ਹਨ।'' ਖੁਰਸ਼ੀਦ ਨੇ ਕਿਹਾ ਕਿ ਮੈਨੂੰ ਆਸ ਹੈ ਅਤੇ ਪੂਰਾ ਵਿਸ਼ਵਾਸ ਵੀ ਕਿ ਇਹ ਨਹੀਂ ਹੋਵੇਗਾ। ਖੁਰਸ਼ੀਦ ਨੇ ਕਿਹਾ ਕਿ ਸਾਨੂੰ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ, ਜੋ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੋਵੇ।