ਪਾਕਿ ਅੰਦਰ ਦਹਿਸ਼ਤਗਰਦੀ ਦੇ ਟਿਕਾਣੇ ਚਲਦੇ ਰਹੇ ਤਾਂ ਬਹੁਤ ਵੱਡੀ ਕੀਮਤ ਚੁਕਾਉਣੀ ਪਵੇਗੀ : ਰਾਜਨਾਥ

03/09/2019 1:43:27 AM

ਜੈਪੁਰ, (ਭਾਸ਼ਾ)– ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਹਵਾਈ ਫੌਜ  ਦੇ ਜਵਾਨ ਲੜਾਕੂ ਹਵਾਈ ਜਹਾਜ਼ ਲੈ ਕੇ ਇਕ ਮਿਸ਼ਨ ਦੇ ਅਧੀਨ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਦਾ ਸਫਾਇਆ ਕਰਨ ਗਏ ਸੀ, ਕੋਈ ਫੁੱਲਾਂ ਦੀ ਵਰਖਾ ਕਰਨ ਜਾਂ ਸੈਰ-ਸਪਾਟੇ ਵਾਸਤੇ ਨਹੀਂ ਗਏ ਸੀ। 
ਰਾਜਨਾਥ ਸਿੰਘ ਬਿਆਵਰ ਵਿਖੇ ਸ਼ਕਤੀ ਕੇਂਦਰ ਪ੍ਰਮੁੱਖ ਸੰਮੇਲਨ ਵਿਚ ਭਾਸ਼ਣ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪਾਕਿਸਤਾਨ ਨੂੰ ਇਹ ਅਹਿਸਾਸ ਹੋਇਆ ਹੋਵੇਗਾ ਕਿ ਹੁਣ ਅੱਤਵਾਦ ਕਾਰੋਬਾਰ ਪਾਕਿਸਤਾਨ ਦੀ ਧਰਤੀ 'ਤੇ ਬੇਖੌਫ ਹੋ ਕੇ ਨਹੀਂ ਚਲਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਕਿਸਤਾਨ ਦੀ ਧਰਤੀ 'ਤੇ ਅੱਤਵਾਦ ਦੇ ਟਿਕਾਣੇ ਚਲਦੇ ਰਹਿਣਗੇ ਤਾਂ ਪਾਕਿਸਤਾਨ ਨੂੰ ਉਸ ਦੀ ਸਭ ਤੋਂ ਵੱਡੀ ਕੀਮਤ ਚੁਕਾਉਣੀ ਪਵੇਗੀ ਅਤੇ ਇਸ ਗੱਲ ਦਾ ਅਹਿਸਾਸ ਸਾਡੀ ਸੈਨਾ ਦੇ ਜਵਾਨਾਂ ਨੇ ਪਾਕਿਸਤਾਨ ਨੂੰ ਕਰਵਾ ਦਿੱਤਾ ਹੈ। 
ਉਨ੍ਹਾਂ ਕਿਹਾ ਕਿ  ਪਰ ਦੁੱਖ ਉਦੋਂ ਹੁੰਦਾ ਹੈ, ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਕਾਰਵਾਈ ਕੀਤੀ ਤਾਂ ਪਾਕਿਸਤਾਨ ਦੀ ਬੌਖਲਾਹਟ ਸਮਝ ਵਿਚ ਤਾਂ ਆਉਂਦੀ ਹੈ ਪਰ ਇਥੇ ਕੁੱਝ ਲੋਕਾਂ ਨੂੰ ਸਦਮਾ ਪੁੱਜਾ ਹੈ। ਉਹ ਸਾਡੇ ਕੋਲੋਂ ਸਬੂਤ ਮੰਗ ਰਹੇ ਹਨ ਕਿ ਸਬੂਤ ਲਿਆਓ, ਰਾਜਨਾਥ ਸਿੰਘ ਨੇ ਕਿਹਾ  ਕਿ ਹਵਾਈ ਫੌਜ ਦੇ ਜਵਾਨਾਂ ਨੇ 'ਟਾਰਗੈੱਟ' ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ, ''ਮੈਂ ਗਿਣਤੀ ਪੁੱਛਣ ਵਾਲਿਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਯੁੱਧਵੀਰ ਹੁੰਦਾ ਹੈ, ਉਹ ਮਾਰੇ ਗਏ ਲੋਕਾਂ ਦੀ ਗਿਣਤੀ ਨਹੀਂ ਕਰਦਾ।'' ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਅੱਤਵਾਦੀਆਂ ਦੇ ਸਬੰਧ 'ਚ ਕਾਂਗਰਸ ਦੇ ਦੋਸਤਾਂ ਦਾ ਰਵੱਈਆ ਇੰਨਾ ਖਤਰਨਾਕ ਅਤੇ ਭੁਲੇਖਾਪਾਊ ਹੈ ਕਿ ਕਾਂਗਰਸ ਦੇ ਕੁੱਝ ਨੇਤਾ ਓਸਾਮਾ ਬਿਨ ਲਾਦੇਨ ਵਰਗੇ ਅੱਤਵਾਦੀ ਨੂੰ 'ਓਸਾਮਾ ਜੀ' ਕਹਿੰਦੇ ਹਨ। ਹਾਫਿਜ਼ ਸਈਦ ਨੂੰ 'ਹਾਫਿਜ਼ ਜੀ' ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਸਵਾਲ 'ਤੇ ਨਾ ਨੀਤੀ ਸਾਫ ਹੈ ਅਤੇ ਨਾ ਹੀ ਨੀਅਤ। ਉਨ੍ਹਾਂ ਅਪੀਲ ਕੀਤੀ ਕਿ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਇਕਮੁੱਠ ਹੋ ਕੇ ਖੜ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਲੋਕ ਸਾਡੇ ਸਨ ਅਤੇ ਸਾਡੇ ਹੀ ਰਹਿਣਗੇ। ਦੇਸ਼ 'ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਦੀ ਪੂਰੀ ਹਿਫਾਜ਼ਤ ਕੀਤੀ ਜਾਣੀ ਚਾਹੀਦੀ ਹੈ। 
ਰਾਜਨਾਥ ਵਲੋਂ ਖਵਾਜ਼ਾ ਦੀ ਦਰਗਾਹ 'ਚ ਚਾਦਰ ਪੇਸ਼-ਅਜਮੇਰ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਅੱੱਜ ਇਥੇ ਸੂਫੀ ਸੰਤ ਮੋਈਨੂਦੀਨ ਹਸਨ ਚਿਸ਼ਤੀ ਦੇ 807ਵੇਂ ਸਾਲਾਨਾ ਉਰਸ ਮੌਕੇ ਖਵਾਜ਼ਾ ਦੀ ਦਰਗਾਹ 'ਤੇ ਚਾਦਰ ਪੇਸ਼  ਕੀਤੀ  ਗਈ। ਰਾਜਨਾਥ ਵੱਲੋਂ ਦਿੱਲੀ ਤੋਂ  ਚਾਦਰ ਲੈ ਕੇ ਆਏ ਵਫਦ ਅਤੇ ਦਰਗਾਹ ਕਮੇਟੀ ਦੇ ਮੈਂਬਰ ਮੁਨੱਵਰ ਖਾਨ ਨੇ ਮਖਮਲੀ ਚਾਦਰ ਅਤੇ ਅਕੀਦਤ ਦੇ ਫੁੱਲ ਪੇਸ਼ ਕਰ ਕੇ ਦੇਸ਼ ਵਿਚ ਅਮਨ ਚੈਨ ਅਤੇ ਭਾਈਚਾਰੇ ਦੀ ਦੁਆ ਕੀਤੀ। ਵਫਦ ਵਿਚ ਉਦੇ ਇੰਡੀਆ ਦੇ ਬਿਓਰੋ ਚੀਫ ਨਿਰਮਲ ਜੈਨ ਅਤੇ ਐੱਮ. ਆਰ. ਐੱਮ. ਦੇ ਰਾਸ਼ਟਰੀ ਸਰਪ੍ਰਸਤ ਇਮਰਾਨ ਚੌਧਰੀ ਸ਼ਾਮਲ ਸਨ। ਚਾਦਰ ਪੇਸ਼ ਕਰਨ ਤੋਂ  ਬਾਅਦ ਬੁਲੰਦ ਦਰਵਾਜ਼ੇ 'ਤੇ ਖਾਨ ਨੇ ਰਾਜਨਾਥ ਦਾ ਸੰਦੇਸ਼ ਪੜ੍ਹ ਕੇ ਸੁਣਾਇਆ।


KamalJeet Singh

Content Editor

Related News