ਪਾਕਿ ਬਾਜ਼ ਨਾ ਆਇਆ ਤਾਂ ਸਖਤ ਕਾਰਵਾਈ ਕਰਾਂਗੇ : ਰਾਵਤ

01/16/2018 9:49:19 AM

ਨਵੀਂ ਦਿੱਲੀ— ਸਰਹੱਦ 'ਤੇ ਭਾਰਤੀ ਫੌਜ ਦੀ ਕਾਰਵਾਈ 'ਚ ਸੋਮਵਾਰ ਕੁਝ ਪਾਕਿਸਤਾਨੀ ਫੌਜੀਆਂ ਦੇ ਮਾਰੇ ਜਾਣ ਦਰਮਿਆਨ ਭਾਰਤੀ ਜ਼ਮੀਨੀ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪਾਕਿਸਤਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਭਾਰਤ ਇਕ ਵਾਰ ਮਜਬੂਰੀ 'ਚ 'ਦੂਜਾ ਬਦਲ' ਅਪਣਾਉਣ ਤੋਂ ਪਿੱਛੇ ਨਹੀਂ ਹਟੇਗਾ। 
ਇਥੇ ਫੌਜ ਦੇ 70ਵੇਂ ਸਥਾਪਨਾ ਦਿਵਸ 'ਤੇ ਵਿਸ਼ਾਲ ਪ੍ਰੇਡ ਦੀ ਸਲਾਮੀ ਲੈਣ ਪਿੱਛੋਂ ਰਾਵਤ ਨੇ ਆਪਣੇ ਸੰਬੋਧਨ 'ਚ ਪਾਕਿਸਤਾਨ ਨੂੰ ਸਖਤ ਸ਼ਬਦਾਂ 'ਚ ਕਿਹਾ ਕਿ ਜੇ ਪਾਕਿਸਤਾਨ ਦੀ ਫੌਜ ਘੁਸਪੈਠੀਆਂ ਦੀ ਮਦਦ ਕਰਦੀ ਰਹੀ ਤਾਂ ਸਾਨੂੰ ਮਜਬੂਰ ਹੋ ਕੇ ਸਖਤ ਕਾਰਵਾਈ ਕਰਨੀ ਪਏਗੀ। ਪਾਕਿਸਤਾਨੀ ਫੌਜ ਦੀ ਭੜਕਾਹਟ ਵਾਲੀ ਕਿਸੇ ਵੀ ਹਰਕਤ ਦਾ ਅਸੀਂ ਮੂੰਹ-ਤੋੜ ਜਵਾਬ ਦੇਣ ਲਈ ਸਮਰੱਥ ਹਾਂ। ਸਾਨੂੰ ਮਜਬੂਰ ਕੀਤਾ ਗਿਆ ਤਾਂ ਅਸੀਂ 'ਦੂਜੇ ਬਦਲ' ਵੀ ਅਪਣਾ ਸਕਦੇ ਹਾਂ।  ਰਾਵਤ ਨੇ ਕਿਹਾ ਕਿ ਫੌਜ ਸਰਹੱਦ 'ਤੇ ਪਾਕਿ ਦੀ ਕਿਸੇ ਵੀ ਨਾਪਾਕ ਹਰਕਤ ਨੂੰ ਸਫਲ ਨਹੀਂ ਹੋਣ ਦੇਵੇਗੀ। ਉੱਤਰ-ਪੂਰਬ ਦੀ ਸਥਿਤੀ ਨੂੰ ਕਾਫੀ ਹੱਦ ਤਕ ਕੰਟਰੋਲ 'ਚ ਦੱਸਦੇ ਹੋਏ ਫੌਜ ਮੁਖੀ ਨੇ ਕਿਹਾ ਕਿ ਖੁਫੀਆ ਸੂਚਨਾਵਾਂ 'ਤੇ ਆਧਾਰਿਤ ਮੁਹਿੰਮ ਅਧੀਨ ਅੱਤਵਾਦੀ ਅਨਸਰਾਂ ਦੀਆਂ ਸਰਗਰਮੀਆਂ ਨੂੰ ਸੀਮਤ ਰੱਖਣ 'ਚ ਸਾਨੂੰ ਮਦਦ ਮਿਲੀ ਹੈ।