ਕਸ਼ਮੀਰ ''ਚ ਸ਼ਾਂਤੀ ਲਈ ਮੇਰੇ ਕੋਲ ਕੋਈ ਜਾਦੂ ਦੀ ਛੜੀ ਨਹੀਂ : ਦਿਨੇਸ਼ਵਰ ਸ਼ਰਮਾ

11/06/2017 8:24:12 AM

ਸ਼੍ਰੀਨਗਰ — ਕਸ਼ਮੀਰ ਮਾਮਲੇ 'ਤੇ ਗੱਲਬਾਤ ਲਈ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਦਿਨੇਸ਼ਵਰ ਸ਼ਰਮਾ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਸ਼ਾਂਤੀ ਲਈ ਕੋਈ ਜਾਦੂ ਦੀ ਛੜੀ ਨਹੀਂ ਪਰ ਉਹ ਘਾਟੀ 'ਚ ਕੱਲ ਤੋਂ ਆਰੰਭ ਹੋ ਰਹੀ ਗੱਲਬਾਤ ਦੀ ਪ੍ਰਕਿਰਿਆ ਨੂੰ ਲੈ ਕੇ ਆਸਵੰਦ ਹਨ। ਮੇਰੀਆਂ ਕੋਸ਼ਿਸ਼ਾਂ ਨੂੰ ਅਤੀਤ ਦੀ ਐਨਕ ਨਾਲ ਨਹੀਂ, ਸਗੋਂ ਗੰਭੀਰਤਾ ਨਾਲ ਪਰਖਣਾ ਹੋਵੇਗਾ। ਖੁਫੀਆ ਬਿਊਰੋ ਦੇ ਸਾਬਕਾ ਮੁਖੀ ਨੇ ਕਿਹਾ ਕਿ ਕਸ਼ਮੀਰ 'ਚ ਕਈ ਧਿਰਾਂ ਨਾਲ ਗੱਲਬਾਤ ਦੀ ਪ੍ਰਕਿਰਿਆ ਆਰੰਭ ਹੋਣ ਤੋਂ ਪਹਿਲਾਂ ਕਿਸੇ ਸਿੱਟੇ 'ਤੇ ਨਹੀਂ ਪਹੁੰਚਣਾ ਚਾਹੀਦਾ। 
ਆਪਣੇ ਕੰਮ ਨੂੰ 'ਗੰਭੀਰ ਯਤਨ' ਕਰਾਰ ਦਿੰਦੇ ਹੋਏ ਸ਼ਰਮਾ ਨੇ ਕਿਹਾ ਕਿ ਹਵਾ 'ਚ ਤੀਰ ਚਲਾਉਣ ਤੋਂ ਬਚਣਾ ਚਾਹੀਦਾ ਹੈ। ਮੈਂ ਕੱਲ ਆਪਣੇ ਲੋਕਾਂ ਦਰਮਿਆਨ ਜਾ ਰਿਹਾ ਹਾਂ। ਮੈਂ ਉਨ੍ਹਾਂ ਦੇ ਦੁੱਖ ਅਤੇ ਪੀੜ ਨੂੰ ਸਮਝਦਾ ਹਾਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਉਚਿੱਤ ਹੱਲ ਲੱਭਣਾ ਚਾਹੁੰਦਾ ਹਾਂ। ਮੀਡੀਆ ਦੇ ਕੁੱਝ ਹਿੱਸਿਆਂ 'ਚ ਹੋਈ ਆਲੋਚਨਾ ਦੇ ਜਵਾਬ 'ਚ ਸ਼ਰਮਾ ਨੇ ਕਿਹਾ ਕਿ 'ਇਸ ਔਖੇ ਟੀਚੇ' ਨੂੰ ਹਾਸਲ ਕਰਨ ਲਈ ਉਹ ਬੁੱਧੀਜੀਵੀਆਂ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਖੁਫੀਆ ਬਿਊਰੋ ਨਾਲ  ਜੁੜੇ ਰਹਿਣ ਦੇ ਸਫਰ ਦੌਰਾਨ ਕਸ਼ਮੀਰ ਉਨ੍ਹਾਂ ਦਾ 'ਦੂਸਰਾ ਘਰ' ਸੀ।
ਸ਼ਰਮਾ ਨੇ ਕਿਹਾ, 'ਮੈਂ ਜਦ ਪਹਿਲੀ ਵਾਰ ਕਸ਼ਮੀਰ ਗਿਆ ਉਦੋਂ ਤੋਂ ਕੁੱਝ ਨਹੀਂ ਬਦਲਿਆ। ਕਸ਼ਮੀਰੀਅਤ 'ਚ ਭੋਰਾ ਵੀ ਤਬਦੀਲੀ ਨਹੀਂ ਆਈ। ਅਜਿਹੇ ਵਿਚ ਆਸਵੰਦ ਹਾਂ ਕਿ ਮੈਂ ਨਵੇਂ ਕਸ਼ਮੀਰ, ਸ਼ਾਂਤੀਪੂਰਨ ਘਾਟੀ ਦੀ ਦਿਸ਼ਾ 'ਚ ਯੋਗਦਾਨ ਪਾ ਸਕਾਂਗਾ ਜਿੱਥੇ ਖੁਸ਼ਹਾਲੀ ਤੇ ਰੋਜ਼ਾਨਾ ਦੀ ਗੱਲ ਹੋਵੇਗੀ।' 
ਮੋਦੀ ਨੇ ਬੀਤੇ 15 ਅਗਸਤ ਦੇ ਭਾਸ਼ਣ 'ਚ ਕਿਹਾ ਸੀ, 'ਨਾ ਗਾਲੀ ਸੇ, ਨਾ ਗੋਲੀ ਸੇ, ਪਰਿਵਰਤਨ ਹੋਗਾ ਗਲੇ ਲਗਾਨੇ ਸੇ।' ਇਹ ਪੁੱਛੇ ਜਾਣ 'ਤੇ ਕਿ ਉਹ ਅੱਗੇ ਕੀ ਕਰਨਗੇ ਤਾਂ ਸ਼ਰਮਾ ਨੇ ਕਿਹਾ ਕਿ ਮੈਂ ਰਾਤੋ-ਰਾਤ ਹਾਲਾਤ ਨਹੀਂ ਬਦਲ ਸਕਦਾ ਪਰ ਮੇਰੀ ਇਹ ਕੋਸ਼ਿਸ਼ ਹੋਵੇਗੀ ਕਿ ਸੂਬੇ 'ਚ ਸਥਾਈ ਸ਼ਾਂਤੀ ਬਣਾਈ ਜਾਵੇ।