ਮੇਰੇ ਕੋਲ 2024 ਤੋਂ ਪਹਿਲਾਂ ਵਿਰੋਧੀ ਏਕਤਾ ਦੀ ਭਵਿੱਖਬਾਣੀ ਲਈ ਜਾਦੂਈ ਚਿਰਾਗ ਨਹੀਂ ਹੈ : ਫਾਰੂਕ ਅਬਦੁੱਲਾ

05/01/2023 4:13:44 PM

ਜੰਮੂ (ਭਾਸ਼ਾ)- ਨੈਸ਼ਨਲ ਕਾਨਫਰੰਸ (ਨੇਕਾਂ) ਦੇ ਮੁਖੀ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਕੋਲ ਅਜਿਹਾ ਕੋਈ ਜਾਦੂਈ ਚਿਰਾਗ਼ ਨਹੀਂ ਹੈ, ਜੋ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਏਕਤਾ ਦੀ ਭਵਿੱਖਬਾਣੀ ਕਰ ਸਕੇ। ਉਨ੍ਹਾਂ ਨੇ ਹਾਲਾਂਕਿ ਇਹ ਵੀ ਕਿਹਾ ਕਿ ਗੈਰ-ਭਾਜਪਾ ਦਲਾਂ ਨੂੰ ਦੇਸ਼ 'ਚ ਲੋਕਤੰਤਰ ਦੀ ਰੱਖਿਆ ਲਈ ਇਕਜੁਟ ਹੋਣ ਦੀ ਜ਼ਰੂਰਤ ਦਾ ਅਹਿਸਾਸ ਹੋਣਾ ਚਾਹੀਦਾ। ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਅਪੀਲ ਨਹੀਂ ਕਰੇਗੀ ਪਰ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਪੰਚਾਇਤ ਅਤੇ ਸਥਾਨਕ ਬਾਡੀ ਚੋਣਾਂ ਲੜਨ ਲਈ ਤਿਆਰ ਹੈ। ਅਬਦੁੱਲਾ ਨੇ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਕਿਹਾ,''(2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ) ਵਿਰੋਧੀ ਦਲਾਂ ਦੀ ਏਕਤਾ ਦੀ ਭਵਿੱਖਬਾਣੀ ਕਰਨ ਲਈ ਮੇਰੇ ਕੋਲ ਕੋਈ ਜਾਦੂਈ ਚਿਰਾਗ ਨਹੀਂ ਹੈ। ਇਕ ਸੰਯੁਕਤ ਮੋਰਚਾ ਬਣਾਉਣ ਲਈ ਕੋਸ਼ਿਸ਼ ਜਾਰੀ ਹੈ ਅਤੇ ਸਾਨੂੰ ਉਮੀਦ ਹੈ ਕਿ ਸਹੀ ਸਮਝ ਵਿਕਸਿਤ ਹੋਵੇਗੀ ਅਤੇ ਉਹ ਸਾਰੇ ਇਕੱਠੇ ਆਉਣਗੇ।'' ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਵੀ ਸੰਸਦੀ ਚੋਣਾਂ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਮੁਕਾਬਲਾ ਕਰਨ ਲਈ ਵਿਰੋਧੀ ਏਕਤਾ ਦੀ ਵਕਾਲਤ ਕੀਤੀ ਹੈ।

ਉਨ੍ਹਾ ਕਿਹਾ,''ਮਲਿਕ ਨੇ (ਹਾਲ ਦੇ ਦਿਨਾਂ 'ਚ) ਕਈ ਗੱਲਾਂ ਕਹੀਆਂ ਹਨ। ਉਨ੍ਹਾਂ ਨੇ 2019 ਦੇ ਪੁਲਵਾਮਾ ਹਮਲੇ ਬਾਰੇ ਗੱਲ ਕੀਤੀ ਕਿ ਕਿਵੇਂ 5 ਜਹਾਜ਼ ਮੁਹੱਈਆ ਕਰਵਾਏ ਜਾਣ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਅਤੇ 700 ਟਰੱਕਾਂ ਨੂੰ ਸੜਕ ਮਾਰਗ ਨਾਲ ਜਾਣਾ ਪਿਆ ਸੀ, ਜਿੱਥੇ ਸੁਰੱਖਿਆ ਦੀ ਪਹਿਲਾਂ ਕਵਾਇਦ ਕੀਤੀ ਗਈ ਸੀ ਅਤੇ ਇਹ ਇਕ ਤ੍ਰਾਸਦੀ ਹੈ।'' ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਭੀਖ ਨਹੀਂ ਮੰਗੇਗੀ, ਕਿਉਂਕਿ ਉਹ (ਭਾਜਪਾ) ਲੋਕਤੰਤਰ ਨੂੰ ਕੁਚਲ ਰਹੇ ਹਨ।'' ਉਨ੍ਹਾਂ ਕਿਹਾ,''ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਤੁਸੀਂ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਤੋਂ ਵਾਂਝੇ ਕਰ ਰਹੇ ਹੋ।'' ਅਬਦੁੱਲਾ ਨੇ ਜ਼ੋਰ ਦੇ ਕੇ ਕਿਹਾ ਕਿ ਨੈਸ਼ਨਲ ਕਾਨਫਰੰਸ ਪੰਚਾਇਤ ਅਤੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਚੋਣ ਜਾਂ ਵਿਧਾਨ ਸਭਾ ਚੋਣ ਲੜਨ ਲਈ ਤਿਆ ਹੈ, ਭਾਵੇਂ ਜਦੋਂ ਵੀ ਚੋਣਾਂ ਹੋਣ। ਉਨ੍ਹਾਂ ਕਿਹਾ,''ਅੱਲਾਹ ਦਾ ਸ਼ੁੱਕਰ ਹੈ ਕਿ ਕੁਝ ਤਾਂ ਹੋ ਰਿਹਾ ਹੈ, ਘੱਟੋ-ਘੱਟ ਪੰਚਾਇਤ ਚੋਣਾਂ ਤਾਂ ਹੋਣਗੀਆਂ। ਲੋਕਤੰਤਰ ਦਾ ਇਹੀ ਆਧਾਰ ਹੈ ਅਤੇ ਅਸੀਂ ਕੋਈ ਚੋਣ ਨਹੀਂ ਛੱਡਾਂਗੇ।'' ਉਨ੍ਹਾਂ ਕਿਹਾ,''ਉਨ੍ਹਾਂ ਨੂੰ ਫ਼ੈਸਲਾ ਕਰਨ ਦਿਓ ਕਿ ਉਹ ਵਿਧਾਨ ਸਭਾ ਚੋਣਾਂ ਕਦੋਂ ਕਰਵਾਉਣ ਜਾ ਰਹੇ ਹਨ, ਅਸੀਂ ਤਿਆਰ ਹਾਂ।''

DIsha

This news is Content Editor DIsha