ਮੈਂ ਮੋਦੀ ਵਾਂਗ ਨਹੀਂ, ਜੋ ਹਫਤੇ ਦੇ ਸੱਤੇ ਦਿਨ ‘24 ਘੰਟੇ ਝੂਠ’ ਬੋਲਦੇ ਹਨ: ਰਾਹੁਲ

04/01/2021 12:53:25 AM

ਚਾਯਗਾਂਵ/ਬਰਖੇਤਰੀ : ਭਾਜਪਾ ’ਤੇ ਹਮਲਾ ਬੋਲਦਿਆਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਨਹੀਂ, ਜੋ ਹਫਤੇ ਦੇ ਸੱਤੇ ਦਿਨ 24 ਘੰਟੇ ਝੂਠ ਬੋਲਦੇ ਹਨ। ਗਾਂਧੀ ਨੇ ਆਸਾਮ ਦੇ ਕਾਮਰੂਪ ਜ਼ਿਲੇ ਵਿਚ ਚਾਯਗਾਂਵ ਚੋਣ ਹਲਕੇ ਵਿਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਸੱਚ ਜਾਣਨਾ ਚਾਹੁੰਦੇ ਹਨ ਤਾਂ ਉਨ੍ਹਾਂ ਦੀ ਗੱਲ ਸੁਣਨ।

ਉਨ੍ਹਾਂ ਕਿਹਾ,‘‘ਮੈਂ ਇੱਥੇ ਤੁਹਾਡੇ ਨਾਲ ਝੂਠ ਬੋਲਣ ਨਹੀਂ ਆਇਆ। ਜੇ ਤੁਸੀਂ ਆਸਾਮ, ਕਿਸਾਨਾਂ ਜਾਂ ਹੋਰ ਕਿਸੇ ਮੁੱਦੇ ’ਤੇ ਉਨ੍ਹਾਂ ਵਲੋਂ ਬੋਲੇ ਗਏ ਝੂਠ ਨੂੰ ਸੁਣਨਾ ਚਾਹੁੰਦੇ ਹੋ ਤਾਂ ਟੀ. ਵੀ. ਚਾਲੂ ਕਰੋ।’’

ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਕ ਕਾਂਗਰਸ ਨੇ ਛੱਤੀਸਗੜ੍ਹ ਵਿਚ ਸੱਤਾ ਪ੍ਰਾਪਤ ਕਰਨ ਦੇ 6 ਘੰਟਿਆਂ ਅੰਦਰ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕਰ ਦਿੱਤਾ ਸੀ ਅਤੇ ਇਸ ਤੋਂ ਪਹਿਲਾਂ ਯੂ. ਪੀ. ਏ. ਸਰਕਾਰ ਨੇ ਕਿਸਾਨਾਂ ਦੀ ਬੇਨਤੀ ’ਤੇ 70 ਹਜ਼ਾਰ ਕਰੋੜ ਰੁਪਏ ਦੇ ਖੇਤੀ ਕਰਜ਼ੇ ਮੁਆਫ ਕਰ ਦਿੱਤੇ ਸਨ।

ਇਹ ਵੀ ਪੜ੍ਹੋ- ਫੌਜ ਨੂੰ ਤਾਜ਼ਾ ਦੁੱਧ ਸਪਲਾਈ ਕਰਨ ਵਾਲੇ ਮਿਲਟਰੀ ਫਾਰਮ 132 ਸਾਲ ਬਾਅਦ ਹੋਏ ਬੰਦ

ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਨੇ ਚਾਹ ਦੇ ਬਾਗਾਂ ਵਿਚ ਕੰਮ ਕਰਨ ਵਾਲਿਆਂ, ਨੌਜਵਾਨਾਂ ਤੇ ਔਰਤਾਂ ਨਾਲ ਗੱਲਬਾਤ ਤੋਂ ਬਾਅਦ ਚੋਣ ਵਾਅਦੇ ਦੇ ਤੌਰ ’ਤੇ 5 ਤਰ੍ਹਾਂ ਦੀ ਗਾਰੰਟੀ ਦਿੱਤੀ ਹੈ। ਲੋਕ ਚਾਹੁੰਦੇ ਹਨ ਕਿ ਸੋਧਿਆ ਹੋਇਆ ਨਾਗਰਿਕਤਾ ਕਾਨੂੰਨ ਲਾਗੂ ਨਾ ਹੋਵੇ, ਨੌਜਵਾਨਾਂ ਨੂੰ ਰੋਜ਼ਗਾਰ ਮਿਲੇ, ਚਾਹ ਦੇ ਬਾਗਾਂ ਵਿਚ ਕੰਮ ਕਰਨ ਵਾਲਿਆਂ ਦੀ ਦਿਹਾੜੀ ਵਧਾ ਕੇ 365 ਰੁਪਏ ਕੀਤੀ ਜਾਵੇ, ਹਰ ਘਰ ਨੂੰ 200 ਯੂਨਿਟ ਮੁਫਤ ਬਿਜਲੀ ਦਿੱਤੀ ਜਾਵੇ ਅਤੇ ਘਰੇਲੂ ਔਰਤਾਂ ਨੂੰ 2 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਇਕ ਭਰਾ ਨੂੰ ਦੂਜੇ ਨਾਲ ਲੜਵਾਉਂਦੀ ਹੈ ਅਤੇ ਨਫਰਤ ਫੈਲਾਉਂਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 

Inder Prajapati

This news is Content Editor Inder Prajapati