ਕਾਂਗਰਸ ਦੇ 12 ਵਿਧਾਇਕ TRS ''ਚ ਹੋਣਗੇ ਸ਼ਾਮਲ, ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

06/06/2019 6:12:24 PM

ਹੈਦਰਾਬਾਦ–ਪੰਜਾਬ 'ਚ ਆਪਣੇ ਦੋ ਨੇਤਾਵਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਆਪਸੀ ਵਿਵਾਦ ਤੋਂ ਬਾਅਦ ਤੇਲੰਗਾਨਾ 'ਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਅੱਜ ਭਾਵ ਵੀਰਵਾਰ ਨੂੰ ਤੇਲੰਗਾਨਾ 'ਚ ਕਾਂਗਰਸ ਦੇ 12 ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ ਤੇ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਨਾਲ ਕਾਂਗਰਸ ਵਿਧਾਇਕ ਦਲ ਦੇ ਰਲੇਵੇਂ ਨੂੰ ਲੈ ਕੇ ਉਨ੍ਹਾਂ ਨੂੰ ਅਪੀਲ ਕੀਤੀ। ਸੂਬੇ ਦੀ 119 ਮੈਂਬਰੀ ਵਿਧਾਨ ਸਭਾ 'ਚ ਕਾਂਗਰਸ ਵਿਧਾਇਕਾਂ ਦੀ ਗਿਣਤੀ ਉਸ ਸਮੇਂ 18 ਰਹਿ ਗਈ ਸੀ ਜਦ ਪਾਰਟੀ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਉੱਤਮ ਕੁਮਾਰ ਰੈੱਡੀ ਨੇ ਨਲਗੋਂਡਾ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। 

ਇਸ ਤਰ੍ਹਾਂ ਇਕ ਨਾਟਕੀ ਘਟਨਾਕ੍ਰਮ 'ਚ ਕਾਂਗਰਸ ਦੇ ਰੋਹਿਤ ਰੈੱਡੀ ਨੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੇ ਬੇਟੇ ਅਤੇ ਟੀ. ਆਰ. ਐੈੱਸ. ਦੇ ਕਾਰਜਕਾਰੀ ਪ੍ਰਧਾਨ ਕੇ. ਟੀ. ਰਾਮਾਰਾਓ ਨਾਲ ਮੁਲਾਕਾਤ ਕੀਤੀ ਅਤੇ ਸੱਤਾਧਾਰੀ ਗਠਜੋੜ ਪ੍ਰਤੀ ਵਫਾਦਾਰੀ ਦਾ ਸੰਕਲਪ ਲਿਆ। ਕਾਂਗਰਸ ਦੇ 11 ਵਿਧਾਇਕਾਂ ਨੇ ਮਾਰਚ 'ਚ ਐਲਾਨ ਕੀਤਾ ਸੀ ਕਿ ਉਹ ਟੀ. ਆਰ. ਐੱਸ. ਵਿਚ ਸ਼ਾਮਲ ਹੋਣਗੇ।ਅਧਿਕਾਰੀਆਂ ਨੇ ਦੱਸਿਆ ਕਿ 12 ਵਿਧਾਇਕ ਕਾਂਗਰਸ ਵਿਧਾਇਕ ਦਲ ਦੀ ਗਿਣਤੀ ਦਾ ਦੋ-ਤਿਹਾਈ ਹਨ ਤੇ ਇਹ ਉਨ੍ਹਾਂ 'ਤੇ ਦਲ ਬਦਲੂ ਵਿਰੋਧੀ ਕਾਨੂੰਨ ਦੀ ਵਿਵਸਥਾ ਲਾਗੂ ਨਹੀਂ ਹੋਵੇਗਾ ਜੇ ਸਪੀਕਰ ਉਨ੍ਹਾਂ ਦੀ ਅਪੀਲ ਮਨਜ਼ੂਰ ਕਰ ਲੈਂਦੇ ਹਨ ਤਾਂ ਕਾਂਗਰਸ ਵਿਰੋਧੀ ਪਾਰਟੀ ਦਾ ਦਰਜਾ ਗੁਆ ਸਕਦੀ ਹੈ ਕਿਉਂਕਿ ਉਸ ਦੀ ਗਿਣਤੀ ਸਿਰਫ 6 ਰਹਿ ਜਾਏਗੀ। ਵਿਧਾਨ ਸਭਾ 'ਚ ਹੈਦਰਾਬਾਦ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅੱਸਦੂਦੀਨ ਓਵੈਸੀ ਦੀ ਅਗਵਾਈ ਵਾਲੇ ਏ. ਆਈ. ਐੈੱਮ. ਆਈ. ਐੈੱਮ. ਦੇ 7 ਮੈਂਬਰ ਹਨ ਜਦਕਿ ਭਾਜਪਾ ਦਾ ਸਿਰਫ ਇਕ ਮੈਂਬਰ ਹੈ। ਵਿਧਾਨ ਸਭਾ ਲਈ ਪਿਛਲੇ ਸਾਲ ਦਸੰਬਰ 'ਚ ਹੋਈਆਂ ਚੋਣਾਂ 'ਚ ਟੀ. ਆਰ. ਐੈੱਸ. ਨੇ 88 ਸੀਟਾਂ ਜਿੱਤੀਆਂ ਸਨ।

Iqbalkaur

This news is Content Editor Iqbalkaur