ਪਤਨੀ ਨੂੰ ਪ੍ਰੀਖਿਆ ਦਿਵਾਉਣ ਲਈ ਚਲਾਈ 1200 KM ਸਕੂਟਰੀ, ਹੁਣ ਮਿਲਿਆ ਹਵਾਈ ਟਿਕਟ

09/08/2020 3:44:49 AM

ਗਵਾਲੀਅਰ : ਝਾਰਖੰਡ ਦੇ ਗੋਡਾ ਤੋਂ ਆਪਣੀ ਗਰਭਵਤੀ ਪਤਨੀ ਨੂੰ ਸਕੂਟਰ 'ਤੇ ਬਿਠਾ ਕੇ 1,200 ਕਿਲੋਮੀਟਰ ਦਾ ਸਫਰ ਤੈਅ ਕਰ ਪ੍ਰੀਖਿਆ ਦਿਵਾਉਣ ਗਵਾਲੀਅਰ ਆਏ ਧਨੰਜੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਹੁਣ ਹਵਾਈ ਜਹਾਜ਼ ਰਾਹੀਂ ਘਰ ਜਾਣਗੇ। ਉਨ੍ਹਾਂ ਲਈ ਹਵਾਈ ਯਾਤਰਾ ਦਾ ਪ੍ਰਬੰਧ ਅਡਾਨੀ ਫਾਉਂਡੇਸ਼ਨ ਨੇ ਕੀਤਾ ਹੈ।

ਧਨੰਜੈ (27) ਨੇ ਐਤਵਾਰ ਨੂੰ ਦੱਸਿਆ, ‘‘ਅਡਾਨੀ ਗਰੁੱਪ ਦੇ ਫਾਉਂਡੇਸ਼ਨ ਵਲੋਂ ਸਾਨੂੰ ਗਵਾਲੀਅਰ ਤੋਂ ਰਾਂਚੀ ਦੀ ਹਵਾਈ ਯਾਤਰਾ ਦਾ ਟਿਕਟ ਮਿਲ ਗਿਆ ਹੈ। ਇਹ ਟਿਕਟ 16 ਸਤੰਬਰ ਦਾ ਹੈ। ਗਵਾਲੀਅਰ ਤੋਂ ਰਾਂਚੀ ਲਈ ਸਿੱਧੀ ਉਡ਼ਾਣ ਨਹੀਂ ਹੈ, ਇਸ ਲਈ ਅਸੀਂ ਦੋਵੇਂ ਹੈਦਰਾਬਾਦ ਹੋ ਕੇ ਰਾਂਚੀ ਪਹੁੰਚਣਗੇ। ਇਸ ਤੋਂ ਬਾਅਦ ਰਾਂਚੀ ਤੋਂ ਸੜਕ ਮਾਰਗ ਰਾਹੀਂ ਗੋਡਾ ਜਾਣਗੇ। ਇਸ ਦਾ ਪ੍ਰਬੰਧ ਗੋਡਾ ਦੇ ਜ਼ਿਲ੍ਹਾ ਅਧਿਕਾਰੀ ਨੇ ਕੀਤਾ ਹੈ।’’ ਉਨ੍ਹਾਂ ਦੱਸਿਆ, ‘‘ਮੇਰੇ ਸਕੂਟਰ ਨੂੰ ਵੀ ਭੇਜਣ ਦਾ ਪ੍ਰਬੰਧ ਅਡਾਨੀ ਫਾਉਂਡੇਸ਼ਨ ਕਰੇਗਾ।’’

ਧਨੰਜੈ ਨੇ ਕਿਹਾ ਕਿ ਗਵਾਲੀਅਰ ਪ੍ਰਸ਼ਾਸਨ ਨੇ ਰਹਿਣ ਦਾ ਪ੍ਰਬੰਧ ਪ੍ਰੀਖਿਆ ਕੇਂਦਰ ਕੋਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੋਡਾ 'ਚ ਹੀ ਕੁੱਝ ਲੋਕਾਂ ਨੇ ਨੌਕਰੀ ਦੀ ਵਿਵਸਥਾ ਕਰਨ ਦੀ ਗੱਲ ਵੀ ਕਹੀ ਹੈ। ਧਨੰਜੈ ਨੇ ਗਵਾਲੀਅਰ ਆਉਣ ਲਈ ਪਤਨੀ ਦੇ ਗਹਿਣੇ ਗਿਰਵੀ ਰੱਖ ਕੇ 10,000 ਰੁਪਏ ਉਧਾਰ ਲਈ ਸਨ।

ਕੋਰੋਨਾ ਮਹਾਂਮਾਰੀ ਕਾਰਨ ਟ੍ਰੇਨ ਅਤੇ ਬੱਸ ਸਮੇਤ ਯਾਤਰਾ ਦੇ ਸਾਧਨ ਉਪਲੱਬਧ ਨਹੀਂ ਹੋਣ ਕਾਰਨ ਝਾਰਖੰਡ ਦੇ ਗੋਡਾ ਤੋਂ ਧਨੰਜੈ ਆਪਣੀ ਗਰਭਵਤੀ ਪਤਨੀ ਸੋਨੀ ਹੇਮਬਰਮ (22) ਨੂੰ ਸਕੂਟਰ 'ਤੇ ਬਿਠਾ ਕੇ ਡੀ.ਐੱਡ  (ਡਿਪਲੋਮਾ ਇਨ ਐਜੁਕੇਸ਼ਨ) ਦੀ ਪ੍ਰੀਖਿਆ ਦਿਵਾਉਣ ਲਈ 30 ਅਗਸਤ ਨੂੰ ਗਵਾਲੀਅਰ ਆਏ ਸਨ।

ਇਸ ਸਫਰ ਦੌਰਾਨ ਉਨ੍ਹਾਂ ਨੇ ਮੀਂਹ ਅਤੇ ਖ਼ਰਾਬ ਸੜਕਾਂ ਦਾ ਵੀ ਸਾਹਮਣਾ ਕੀਤਾ ਅਤੇ ਕਰੀਬ 1200 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਮਾਮਲਾ ਸਾਹਮਣੇ ਆਉਣ ਬਾਅਦ ਗਵਾਲੀਅਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਅਡਾਨੀ ਫਾਉਂਡੇਸ਼ਨ ਨੇ ਹਵਾਈ ਮਾਰਗ ਰਾਹੀਂ ਉਨ੍ਹਾਂ ਨੂੰ ਵਾਪਸ ਭੇਜਣ ਦਾ ਪ੍ਰੰਬਧ ਵੀ ਕਰ ਦਿੱਤਾ।

Inder Prajapati

This news is Content Editor Inder Prajapati