HRTC ਨੇ ਕੁੱਲੂ-ਮਨਾਲੀ ਅਤੇ ਕੇਲਾਂਗ ਵਿਚਾਲੇ ਬੱਸ ਸੇਵਾ ਮੁੜ ਕੀਤੀ ਸ਼ੁਰੂ

03/24/2024 4:40:18 PM

ਸ਼ਿਮਲਾ- ਹਿਮਾਚਲ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (HRTC) ਨੇ ਐਤਵਾਰ ਨੂੰ ਕੁੱਲੂ-ਮਨਾਲੀ ਅਤੇ ਕੇਲਾਂਗ ਵਿਚਕਾਰ ਲਗਭਗ ਚਾਰ ਮਹੀਨਿਆਂ ਬਾਅਦ ਬੱਸ ਸੇਵਾ ਮੁੜ ਸ਼ੁਰੂ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੁੱਲੂ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ 'ਚ ਨਵੰਬਰ 'ਚ ਬਰਫ਼ਬਾਰੀ ਤੋਂ ਬਾਅਦ HRTC ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਰੂਟ 'ਤੇ ਸੇਵਾ ਐਤਵਾਰ ਨੂੰ ਮੁੜ ਸ਼ੁਰੂ ਹੋਈ ਅਤੇ ਪਹਿਲੀ ਬੱਸ ਸਵੇਰੇ 7.15 ਵਜੇ ਕੁੱਲੂ ਤੋਂ ਰਵਾਨਾ ਹੋਈ ਅਤੇ ਦੁਪਹਿਰ ਨੂੰ ਕੇਲਾਂਗ ਪਹੁੰਚੀ।

HRTC ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ 2019 'ਚ ਰੋਹਤਾਂਗ 'ਚ ਅਟਲ ਸੁਰੰਗ ਦੇ ਉਦਘਾਟਨ ਤੋਂ ਬਾਅਦ ਮਾਰਚ 'ਚ ਖੇਤਰ 'ਚ ਬੱਸ ਸੇਵਾਵਾਂ ਬਹਾਲ ਕੀਤੀਆਂ ਗਈਆਂ ਹਨ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸੇਵਾ ਮੁੜ ਸ਼ੁਰੂ ਕਰਨ ਦਾ ਫੈਸਲਾ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਸਫਲ ਪ੍ਰੀਖਣ ਤੋਂ ਬਾਅਦ ਲਿਆ ਗਿਆ।

ਇਸ ਦੌਰਾਨ ਸ਼ਿਮਲਾ 'ਚ ਐਤਵਾਰ ਸਵੇਰੇ ਮੀਂਹ ਪਿਆ। ਸਥਾਨਕ ਮੌਸਮ ਵਿਭਾਗ ਨੇ ਸੋਮਵਾਰ ਨੂੰ ਛੱਡ ਕੇ ਸ਼ੁੱਕਰਵਾਰ ਤੱਕ ਸੂਬੇ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਪੱਛਮੀ ਹਿਮਾਲੀਅਨ ਖੇਤਰ 'ਤੇ ਇਕ ਹੋਰ ਪੱਛਮੀ ਗੜਬੜੀ ਦੇ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਰਾਜ ਭਰ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਵਾਧਾ ਹੋਇਆ ਹੈ।
 

Tanu

This news is Content Editor Tanu