ਹੋਟਲ ਵਪਾਰੀ ਦੇ ਕਤਲ ਦੀ ਕੋਸ਼ਿਸ਼ ਮਾਮਲੇ 'ਚ ਡਾਨ ਛੋਟਾ ਰਾਜਨ ਨੂੰ 8 ਸਾਲ ਦੀ ਸਜ਼ਾ

08/20/2019 3:24:22 PM

ਮੁੰਬਈ— ਮੁੰਬਈ ਦੀ ਇਕ ਕੋਰਟ ਨੇ ਹੋਟਲ ਵਪਾਰੀ ਬੀ.ਆਰ. ਸ਼ੈੱਟੀ ਦੇ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ ਅੰਡਰ ਵਰਲਡ ਡਾਨ ਰਾਜੇਂਦਰ ਨਿਖਲਜੇ ਉਰਫ਼ ਛੋਟਾ ਰਾਜਨ ਅਤੇ ਹੋਰ 5 ਆਰੋਪੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਨੇ ਇਨ੍ਹਾਂ ਸਾਰਿਆਂ ਨੂੰ 8 ਸਾਲ ਦੀ ਸਖਤ ਸਜ਼ਾ ਸੁਣਾਈ ਹੈ। ਇਹ ਮਾਮਲਾ ਅਕਤੂਬਰ 2012 ਦਾ ਹੈ। ਛੋਟਾ ਰਾਜਨ ਵਿਰੁੱਧ ਚੱਲ ਰਹੇ ਮੁਕੱਦਮਿਆਂ ਲਈ ਗਠਿਤ ਵਿਸ਼ੇਸ਼ ਮਕੋਕਾ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਛੋਟਾ ਰਾਜਨ ਸਮੇਤ ਸਾਰੇ ਆਰੋਪੀਆਂ ਨੂੰ ਅਪਰਾਧ ਯੋਜਨਾ, ਕਤਲ, ਕਤਲ ਦੀ ਕੋਸ਼ਿਸ਼ ਅਤੇ 2012 'ਚ ਹੋਟਲ ਬੀ.ਆਰ. ਸ਼ੈੱਟੀ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਹਥਿਆਰ ਐਕਟ ਦੇ ਅਧੀਨ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਕ੍ਰਾਈਮ ਬਰਾਂਚ ਨੇ ਇਸ ਸੰਬੰਧ 'ਚ ਦੋਸ਼ ਪੱਤਰ ਦਾਇਰ ਕੀਤਾ ਸੀ।

ਇਹ ਹੈ ਮਾਮਲਾ
ਬੀ.ਆਰ. ਸ਼ੈੱਟੀ ਮੁੰਬਈ ਦੇ ਮਸ਼ਹੂਰ ਹੋਟਲ ਕਾਰੋਬਾਰੀ ਹਨ। 3 ਅਕਤੂਬਰ 2012 ਦੀ ਰਾਤ ਕਰੀਬ 9.45 ਵਜੇ ਉਹ ਆਪਣੀ ਕਾਰ 'ਚ ਲਿੰਕ ਰੋਡ ਤੋਂ ਲੰਘ ਰਹੇ ਸਨ। ਉਦੋਂ ਤਨਿਸ਼ਕ ਸ਼ੋਅਰੂਮ ਕੋਲ 2 ਬਾਈਕ 'ਤੇ ਸਵਾਰ ਕੁਝ ਅਣਪਛਾਤੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਓਵਰਟੇਕ ਕੀਤਾ ਅਤੇ ਉਨ੍ਹਾਂ ਦੇ ਅੱਗੇ ਬਾਈਕ ਲਗਾ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਖੁਦ ਕਾਰ ਚੱਲਾ ਰਹੇ ਬੀ.ਆਰ. ਸ਼ੈੱਟੀ ਇਸ ਤੋਂ ਪਹਿਲਾਂ ਕਿ ਕੁਝ ਸਮਝ ਪਾਉਂਦੇ ਇਕ ਗੋਲੀ ਉਨ੍ਹਾਂ ਦੇ ਮੋਢੇ 'ਚ ਜਾ ਲੱਗੀ, ਉਹ ਸੀਟ 'ਤੇ ਡਿੱਗ ਗਏ। ਘਟਨਾ ਨੂੰ ਅੰਜਾਮ ਦੇ ਕੇ ਹਮਲਾਵਰ ਮੌਕੇ 'ਤੇ ਫਰਾਰ ਹੋ ਚੁਕੇ ਸਨ। ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਉਹ ਕਿੱਥੋਂ ਆਏ ਅਤੇ ਕਿੱਥੇ ਗਏ। ਇਸ ਤੋਂ ਬਾਅਦ ਬੀ.ਆਰ. ਸ਼ੈੱਟੀ ਨੂੰ ਮੁੰਬਈ ਦੇ ਧੀਰੂਬਾਈ ਅੰਬਾਨੀ ਕੋਕਿਲਾ ਬੇਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਮਾਮਲੇ 'ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਸੀ। ਜਾਂਚ 'ਚ ਪਤਾ ਲੱਗਾ ਕਿ ਬੀ.ਆਰ. ਸ਼ੈੱਟੀ 'ਤੇ ਇਹ ਹਮਲਾ ਅੰਡਰ ਵਰਲਡ ਦੇ ਲੋਕਾਂ ਨੇ ਕਰਵਾਇਆ ਸੀ। ਐੱਸ.ਕੇ.ਐੱਫ. ਹੋਟਲ ਦੇ ਮਾਲਕ ਬੀ.ਆਰ. ਸ਼ੈੱਟੀ 'ਤੇ ਹਮਲੇ ਦੀ ਜਾਂਚ ਜਿਵੇਂ-ਜਿਵੇਂ ਅੱਗੇ ਵਧੀ ਤਾਂ ਅੰਡਰ ਵਰਲਡ ਮਾਫ਼ੀਆ ਛੋਟਾ ਰਾਜਨ ਦਾ ਨਾਂ ਸਾਹਮਣੇ ਆਇਆ ਸੀ। ਉਦੋਂ ਤੋਂ ਛੋਟਾ ਰਾਜਨ ਸਮੇਤ 6 ਲੋਕਾਂ ਵਿਰੁੱਧ ਇਸ ਮਾਮਲੇ 'ਚ ਮੁਕੱਦਮਾ ਚੱਲ ਰਿਹਾ ਸੀ।

DIsha

This news is Content Editor DIsha