ਘੋੜਾ ਚਾਲਕਾਂ ਨੇ 2 ਘੰਟਿਆਂ ਲਈ ਕੀਤੀ ਹੜਤਾਲ, ਸ਼ਰਧਾਲੂ ਹੋਏ ਪ੍ਰੇਸ਼ਾਨ

11/15/2017 11:27:03 AM

ਕਟੜਾ— ਐੱਨ. ਜੀ. ਟੀ. ਵਲੋਂ ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਘੋੜਾ ਚਾਲਕਾਂ ਨੂੰ ਹਟਾਉਣ ਦੇ ਹੁਕਮਾਂ ਪਿੱਛੋਂ ਘੋੜਾ ਚਾਲਕਾਂ ਨੇ ਮੰਗਲਵਾਰ ਦੋ ਘੰਟਿਆਂ ਲਈ ਹੜਤਾਲ ਕੀਤੀ, ਜਿਸ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਹੋਈ। ਘੋੜਾ ਚਾਲਕਾਂ ਨੇ ਪ੍ਰਸ਼ਾਸਨ ਵਿਰੁੱਧ ਵੀ ਨਾਅਰੇਬਾਜ਼ੀ ਕੀਤੀ। 2 ਘੰਟਿਆਂ ਦੀ ਹੜਤਾਲ ਪਿੱਛੋਂ ਘੋੜਾ ਚਾਲਕਾਂ ਨੇ ਅਗਲੀ ਰਣਨੀਤੀ ਤਿਆਰ ਕਰਨ ਲਈ ਬੁੱਧਵਾਰ ਆਪਣੀ ਬੈਠਕ ਸੱਦੀ ਹੈ। ਘੋੜਾ ਚਾਲਕਾਂ ਨੇ ਐੱਨ. ਜੀ. ਟੀ. ਵਲੋਂ ਜਾਰੀ ਹੁਕਮਾਂ ਨੂੰ ਸ਼੍ਰਾਈਨ ਬੋਰਡ ਦੀ ਚਾਲ ਦੱਸਦਿਆਂ ਕਿਹਾ ਕਿ ਸ਼੍ਰਾਈਨ ਬੋਰਡ ਪਹਿਲਾਂ ਤੋਂ ਹੀ ਉਨ੍ਹਾਂ 'ਤੇ ਵਾਰ-ਵਾਰ ਜੁਰਮਾਨਾ ਲਾ ਰਿਹਾ ਸੀ ਤਾਂ ਜੋ ਘੋੜਾ ਚਾਲਕ ਮਜਬੂਰ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਜਾਣ। ਉਨ੍ਹਾਂ ਕਿਹਾ ਕਿ ਸਾਡਾ ਰੋਜ਼ਗਾਰ ਘੋੜਿਆਂ ਰਾਹੀਂ ਸ਼ਰਧਾਲੂਆਂ ਨੂੰ ਢੋਹਣ ਦਾ ਹੈ। ਜੇ ਪ੍ਰਸ਼ਾਸਨ ਨੇ ਸਾਨੂੰ ਆਪਣਾ ਕੰਮ ਨਾ ਕਰਨ ਦਿੱਤਾ ਤਾਂ ਸਾਡੀ ਰੋਜ਼ੀ ਰੋਟੀ ਖੁਸ ਜਾਏਗੀ।