ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਜਨਤਕ ਪ੍ਰੋਗਰਾਮ 'ਚ ਨਜ਼ਰ ਆਈ ਹਨੀਪ੍ਰੀਤ

11/13/2019 12:58:28 PM

ਸਿਰਸਾ— ਜੇਲ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਗੋਦ ਲਈ ਧੀ ਹਨੀਪ੍ਰੀਤ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਸਿਰਸਾ 'ਚ ਡੇਰੇ ਦੇ ਸੰਸਥਾਪਕ ਸ਼ਾਹ ਮਸਤਾਨਾ ਦੇ 128ਵੇਂ ਜਨਮ ਦਿਨ ਮੌਕੇ ਆਯੋਜਿਤ ਪ੍ਰੋਗਰਾਮ ਵਿਚ ਪੁੱਜੀ। ਜੇਲ 'ਚੋਂ ਬਾਹਰ ਆਉਣ ਤੋਂ ਬਾਅਦ ਹਨੀਪ੍ਰੀਤ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆਈ। ਹਨੀਪ੍ਰੀਤ ਨਾਲ ਰਾਮ ਰਹੀਮ ਦਾ ਪਰਿਵਾਰ ਵੀ ਮੌਜੂਦ ਸੀ। ਡੇਰੇ 'ਚ ਚੱਲਦੇ ਸਤਿਸੰਗ ਦੌਰਾਨ ਉਹ ਹੱਥ ਜੋੜ ਕੇ ਖੜ੍ਹੀ ਰਹੀ। ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ ਨੂੰ ਰਾਮ ਰਹੀਮ ਦੇ ਪਰਿਵਾਰ ਲਈ ਬਣਾਏ ਗਏ ਵਿਸ਼ੇਸ਼ ਬਾੜੇ ਵਿਚ ਬੈਠਿਆ ਦੇਖਿਆ ਗਿਆ।
ਪ੍ਰੋਗਰਾਮ 'ਚ ਰਾਮ ਰਹੀਮ ਦਾ ਪੁਰਾਣਾ ਵੀਡੀਓ ਚਲਾ ਕੇ ਲੋਕਾਂ ਨੂੰ ਪ੍ਰਵਚਨ ਸੁਣਾਏ ਗਏ। ਖਾਸ ਗੱਲ ਇਹ ਰਹੀ ਕਿ ਸ਼ਾਹ ਮਸਤਾਨਾ ਦੇ ਜਨਮ ਦਿਨ ਪ੍ਰੋਗਰਾਮ ਦਾ ਹੀ ਪੁਰਾਣਾ ਵੀਡੀਓ ਚਲਾਇਆ ਗਿਆ। ਇਸ ਵਾਰ ਭੀੜ ਪਹਿਲਾਂ ਨਾਲੋਂ ਘੱਟ ਸੀ। ਡੇਰਾ ਪਹਿਲਾਂ ਵਾਂਗ ਸਜਾਇਆ ਵੀ ਨਹੀਂ ਗਿਆ ਸੀ। 

ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਯੌਨ ਸ਼ੋਸ਼ਣ ਕੇਸ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 2017 'ਚ ਪੰਚਕੂਲਾ ਹਿੰਸਾ ਮਾਮਲੇ ਵਿਚ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ ਅੰਬਾਲਾ ਜੇਲ ਵਿਚ ਬੰਦ ਸੀ। ਦੋਸ਼ੀ ਹਨੀਪ੍ਰੀਤ ਨੂੰ ਪੰਚਕੂਲਾ ਕੋਰਟ ਨੇ ਬੀਤੀ 6 ਨਵੰਬਰ ਨੂੰ ਜ਼ਮਾਨਤ ਦਿੱਤੀ ਸੀ। ਇਸ ਮਾਮਲੇ ਵਿਚ ਦਰਜ ਐੱਫ. ਆਈ. ਆਰ. 'ਚ ਹਨੀਪ੍ਰੀਤ 'ਤੇ ਦੇਸ਼ ਧਰੋਹ ਦੀ ਧਾਰਾ ਲਾਈ ਗਈ ਸੀ, ਜਿਸ ਨੂੰ ਬਾਅਦ 'ਚ ਹਟਾ ਲਿਆ ਗਿਆ। ਇਸ ਤੋਂ ਬਾਅਦ ਹਨੀਪ੍ਰੀਤ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਨੂੰ ਜੇਲ 'ਚੋਂ ਰਿਹਾਅ ਕਰ ਦਿੱਤਾ ਗਿਆ। ਇੱਥੇ ਦੱਸ ਦੇਈਏ ਕਿ ਸ਼ਾਹ ਮਸਤਾਨਾ ਨੇ ਕੱਤਕ ਦੀ ਪੁੰਨਿਆ ਨੂੰ ਸਾਲ 1891 'ਚ ਪਿਤਾ ਪੀਲਾ ਮਲ ਅਤੇ ਮਾਤਾ ਤੁਲਸਾ ਬਾਈ ਦੇ ਘਰ ਜਨਮ ਲਿਆ ਸੀ। ਉਨ੍ਹਾਂ ਨੇ 29 ਅਪ੍ਰੈਲ 1948 'ਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ ਸੀ।

Tanu

This news is Content Editor Tanu