ਮਾਣਯੋਗ ਸ਼ਖਸੀਅਤਾਂ ਇਸ ਵਾਰ ਪੰਜ ਸਿਤਾਰਾ ਹੋਟਲਾਂ ''ਚ ਨਹੀਂ ਠਹਿਰਣਗੀਆਂ

05/21/2019 2:14:00 AM

ਨਵੀਂ ਦਿੱਲੀ, (ਇੰਟ.)- ਲੋਕ ਸਭਾ 'ਚ ਚੁਣ ਕੇ ਆਉਣ ਵਾਲੇ ਨਵੇਂ ਸੰਸਦ ਮੈਂਬਰਾਂ ਨੂੰ ਇਸ ਵਾਰ ਪੰਜ ਸਿਤਾਰਾ ਹੋਟਲਾਂ 'ਚ ਨਹੀਂ ਠਹਿਰਾਇਆ ਜਾਵੇਗਾ। ਉਨ੍ਹਾਂ ਲਈ ਸਰਕਾਰੀ ਅਸਥਾਈ ਆਵਾਸ, ਵੈਸਟਰਨ ਕੋਰਟ (ਸੰਸਦ ਹੋਟਲ) ਤੇ ਦਿੱਲੀ ਸਥਿਤ ਸੂਬਿਆਂ ਦੇ ਮਹਿਮਾਨ ਘਰਾਂ ਵਿਚ ਵਿਵਸਥਾ ਕੀਤੀ ਜਾ ਰਹੀ ਹੈ। ਇਸ ਨਾਲ ਹੋਟਲਾਂ 'ਤੇ ਹੋਣ ਵਾਲੇ ਭਾਰੀ ਖਰਚ ਅਤੇ ਸੰਸਦ ਮੈਂਬਰਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇਗਾ।
ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਨਵੇਂ ਸੰਸਦ ਮੈਂਬਰਾਂ ਦੇ ਆਵਾਸ ਤੇ ਹੋਰ ਸਹੂਲਤਾਂ ਲਈ ਲੋਕ ਸਭਾ ਸਕੱਤਰੇਤ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਨਿਰਦੇਸ਼ ਦੇ ਦਿੱਤੇ ਸੀ। ਸੂਤਰਾਂ ਅਨੁਸਾਰ ਸਕੱਤਰੇਤ ਦੇ ਨਿਰਦੇਸ਼ 'ਤੇ ਵੈਸਟਰਨ ਕੋਰਟ ਵਿਚ 100 ਕਮਰੇ ਤਿਆਰ ਕੀਤੇ ਜਾ ਰਹੇ ਹਨ। ਇਹ ਇਕ ਤਰ੍ਹਾਂ ਨਾਲ ਸੰਸਦ ਮੈਂਬਰਾਂ ਦਾ ਹੋਸਟਲ ਹੈ, ਜਿਸ ਵਿਚ ਇਕ ਬੈੱਡਰੂਮ ਹੁੰਦਾ ਹੈ। ਇਸ ਦੇ ਨਾਲ ਹੀ ਸੂਬਿਆਂ ਦੇ ਮਹਿਮਾਨ ਘਰਾਂ ਵਿਚ 280 ਕਮਰੇ ਰਿਜ਼ਰਵ ਰੱਖਣ ਲਈ ਕਿਹਾ ਗਿਆ ਹੈ, ਜਿਥੇ 200 ਸੰਸਦ ਮੈਂਬਰਾਂ ਦੇ ਰੁਕਣ ਦੀ ਵਿਵਸਥਾ ਹੋਵੇਗੀ। ਜਿਨ੍ਹਾਂ ਰਾਜਾਂ ਤੋਂ ਜ਼ਿਆਦਾ ਸੰਸਦ ਮੈਂਬਰ ਚੁਣ ਕੇ ਆਉਣਗੇ, ਉਨ੍ਹਾਂ ਨੂੰ ਦੂਸਰੇ ਸੂਬਿਆਂ ਦੇ ਮਹਿਮਾਨ ਘਰਾਂ ਵਿਚ ਠਹਿਰਾਇਆ ਜਾਵੇਗਾ।

ਸਵਾਗਤ ਕਾਊਂਟਰ ਬਣੇਗਾ : ਨਵੇਂ ਸੰਸਦ ਮੈਂਬਰਾਂ ਦੇ ਦਿੱਲੀ ਪਹੁੰਚਣ 'ਤੇ ਉਨ੍ਹਾਂ ਦੇ ਸਵਾਗਤ ਲਈ ਰੇਲਵੇ ਸਟੇਸ਼ਨ ਤੇ ਹਵਾਈ ਅੱਡੇ 'ਤੇ ਸਵਾਗਤ ਕਾਊਂਟਰ ਲਾਏ ਜਾ ਰਹੇ ਹਨ, ਜੋ 24 ਘੰਟੇ ਕੰਮ ਕਰਨਗੇ। ਜਿਥੋਂ ਸੰਸਦ ਮੈਂਬਰ ਨੂੰ ਉਨ੍ਹਾਂ ਦੇ ਮਹਿਮਾਨ ਘਰ ਤਕ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਇਕ ਸਹਾਇਕ ਵੀ ਦਿੱਤਾ ਜਾਵੇਗਾ। ਸੰਸਦ ਭਵਨ ਵਿਚ ਵੀ ਕੰਟਰੋਲ ਰੂਮ ਬਣਾਇਆ ਗਿਆ ਹੈ।

250 ਨਵੇਂ ਸੰਸਦ ਮੈਂਬਰ ਆਉਣ ਦੀ ਉਮੀਦ : ਲੋਕ ਸਭਾ ਸਕੱਤਰੇਤ ਨੂੰ ਅਨੁਮਾਨ ਹੈ ਕਿ ਇਸ ਵਾਰ 200 ਤੋਂ 250 ਨਵੇਂ ਸੰਸਦ ਮੈਂਬਰ ਚੁਣ ਕੇ ਆ ਸਕਦੇ ਹਨ। ਜੋ ਪੁਰਾਣੇ ਸੰਸਦ ਮੈਂਬਰ ਦੁਬਾਰਾ ਚੁਣ ਕੇ ਆਉਣਗੇ ਜਾਂ ਜੋ ਰਾਜ ਸਭਾ ਮੈਂਬਰ ਹਨ, ਉਨ੍ਹਾਂ ਦੀ ਰਿਹਾਇਸ਼ ਤਾਂ ਪਹਿਲਾਂ ਤੋਂ ਹੀ ਹੈ, ਸਿਰਫ ਨਵੇਂ ਸੰਸਦ ਮੈਂਬਰਾਂ ਲਈ ਵਿਵਸਥਾ ਕਰਨੀ ਹੋਵੇਗੀ। ਜੋ ਮੌਜੂਦਾ ਸੰਸਦ ਮੈਂਬਰ ਚੋਣ ਨਹੀਂ ਲੜ ਰਹੇ ਹਨ, ਨੂੰ ਜਲਦੀ ਰਿਹਾਇਸ਼ ਖਾਲੀ ਕਰਨ ਨੂੰ ਕਿਹਾ ਜਾ ਰਿਹਾ ਹੈ। ਜੋ ਸੰਸਦ ਮੈਂਬਰ ਚੁਣ ਕੇ ਨਹੀਂ ਆਉਣਗੇ, ਨੂੰ ਮਹੀਨੇ ਅੰਦਰ ਰਿਹਾਇਸ਼ ਖਾਲੀ ਕਰਨੀ ਹੋਵੇਗੀ। ਇਸ ਨੂੰ ਠੀਕ ਕਰਨ ਲਈ 15 ਦਿਨ ਦਾ ਸਮਾਂ ਦਿੱਤਾ ਜਾਵੇਗਾ। ਰਿਹਾਇਸ਼ ਦਿੰਦੇ ਸਮੇਂ ਵੀਡੀਓ ਰਿਕਾਰਡਿੰਗ ਵੀ ਹੋਵੇਗੀ ਤਾਂ ਕਿ ਸੰਸਦ ਮੈਂਬਰ ਕਿਸੇ ਕਮੀ ਦੀ ਸ਼ਿਕਾਇਤ ਨਾ ਕਰ ਸਕਣ।

ਪਿਛਲੀ ਵਾਰ ਕਰੋੜਾਂ ਖਰਚ ਹੋਏ
ਪਿਛਲੀ ਵਾਰ ਪੰਜ ਸਿਤਾਰਾ ਹੋਟਲਾਂ ਵਿਚ ਠਹਿਰੇ ਸੰਸਦ ਮੈਂਬਰਾਂ ਦੇ ਕਮਰੇ ਦਾ ਇਕ ਦਿਨ ਦਾ ਕਿਰਾਇਆ 7 ਤੋਂ 8 ਹਜ਼ਾਰ ਰੁਪਏ ਸੀ। ਕੁਝ ਸੰਸਦ ਮੈਂਬਰ ਤਾਂ 6 ਮਹੀਨਿਆਂ ਤਕ ਹੋਟਲਾਂ ਵਿਚ ਰਹੇ। ਸੂਤਰਾਂ ਅਨੁਸਾਰ ਪਹਿਲੇ ਸੈਸ਼ਨ ਵਿਚ 180 ਕਮਰੇ ਬੁੱਕ ਹੋਏ ਤੇ ਸ਼ੁਰੂਆਤੀ 4 ਦਿਨਾਂ ਵਿਚ ਸਵਾ ਕਰੋੜ ਰੁਪਏ ਕਿਰਾਇਆ ਦਿੱਤਾ ਗਿਆ। ਹਾਲਾਂਕਿ ਕੁਲ ਖਰਚ ਦਾ ਬਿਓਰਾ ਨਹੀਂ ਹੈ।

ਖਾਣਾ ਬਾਹਰ ਤੋਂ ਮੰਗਵਾਉਂਦੇ ਸਨ
ਜ਼ਿਆਦਾਤਰ ਸੰਸਦ ਮੈਂਬਰਾਂ ਨੂੰ ਪੰਜ ਸਿਤਾਰਾ ਹੋਟਲਾਂ ਵਿਚ ਰੁਕਣਾ ਮਹਿੰਗਾ ਪੈਂਦਾ ਸੀ। ਉਨ੍ਹਾਂ ਨੂੰ ਸਿਰਫ ਕਮਰੇ ਦਾ ਕਿਰਾਇਆ ਮਿਲਦਾ ਸੀ। ਭੋਜਨ ਦੀ ਵਿਵਸਥਾ ਸੰਸਦ ਮੈਂਬਰ ਨੂੰ ਖੁਦ ਕਰਨੀ ਪੈਂਦੀ ਸੀ। ਅਜਿਹੇ ਵਿਚ ਸੰਸਦ ਮੈਂਬਰਾਂ ਨੂੰ ਬਾਹਰ ਜਾ ਕੇ ਖਾਣਾ ਪੈਂਦਾ ਸੀ ਜਾਂ ਬਾਹਰ ਤੋਂ ਮੰਗਵਾਉਣਾ ਪੈਂਦਾ ਸੀ।


KamalJeet Singh

Content Editor

Related News