ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ, ਕਿਹਾ—ਕਸ਼ਮੀਰ ਬਿਨਾਂ ਭਾਰਤ ਦਾ ਕੋਈ ਭਵਿੱਖ ਨਹੀਂ

08/26/2016 11:32:45 AM

 ਸ੍ਰੀਨਗ—ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੇ ਸੰਬੰਧ ''ਚ ਇਕ ਵੱਡਾ ਬਿਆਨ ਦਿੰਦਿਆਂ ਇਹ ਸਪੱਸ਼ਟ ਕਰ ਦਿੱਤਾ ਕਿ ਕਸ਼ਮੀਰ ਤੋਂ ਬਗੈਰ ਭਾਰਤ ਦਾ ਕੋਈ ਭਵਿੱਖ ਨਹੀਂ ਹੈ। ਸ਼੍ਰੀ ਰਾਜ ਨਾਥ ਸਿੰਘ ਆਪਣੇ ਦੋ ਰੋਜ਼ਾ ਦੌਰੇ ਦੌਰਾਨ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਇਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ''ਚ ਪੈਲੇਟ ਗੰਨ ਦਾ ਕੋਈ ਬਦਲ ਲੱਭ ਲਿਆ ਜਾਵੇਗਾ, ਕਿਉਂਕਿ ਇਸ ਸੰਬੰਧ ''ਚ ਭੀੜ ਨੂੰ ਕਾਬੂ ਕਰਨ ਵਾਲੀ ਇਸ ਬੰਦੂਕ ਦੀ ਤਿੱਖੀ ਆਲੋਚਨਾ ਸੁਣਨ ਨੂੰ ਮਿਲ ਰਹੀ ਹੈ। 
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ''ਚ ਪਿਛਲੇ 48 ਦਿਨਾਂ ਤੋਂ ਅਸ਼ਾਂਤੀ ਵਾਲੀ ਸਥਿਤੀ ਬਣੀ ਹੋਈ ਹੈ ਅਤੇ ਇਸ ਦੌਰਾਨ ਹਿੰਸਕ ਝੜਪਾਂ ''ਚ ਕੁਝ ਲੋਕ ਮਾਰੇ ਗਏ ਅਤੇ ਕੁਝ ਹੋਰ ਜ਼ਖਮੀ ਹੋ ਗਏ। ਪੈਲੇਟ ਗੰਨ ਕਾਰਨ ਕੁਝ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ। ਇਸ ਸੰਬੰਧ ''ਚ ਚਿੰਤਾਂ ਜ਼ਾਹਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਸਾਰੇ ਮਸਲੇ ਦਾ ਛੇਤੀ ਹੀ ਹੱਲ ਲੱਭ ਲਿਆ ਜਾਵੇਗਾ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, ''''ਅਸੀਂ ਭਾਰਤ ਦੇ ਭਵਿੱਖ ਨੂੰ ਸੰਵਾਰਨਾ ਚਾਹੁੰਦੇ ਹਾਂ ਅਤੇ ਜੇ ਇਸ ਦੌਰਾਨ ਕਸ਼ਮੀਰ ਦਾ ਭਵਿੱਖ ਨਾ ਸੰਵਾਰਿਆਂ ਗਿਆ ਤਾਂ ਭਾਰਤ ਦੇ ਭਵਿੱਖ ਨੂੰ ਸੰਵਾਰੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।'''' ਆਪਣੀ ਕਸ਼ਮੀਰ ਯਾਤਰਾ ਦੇ ਦੂਜੇ ਦਿਨ ਸ਼੍ਰੀ ਰਾਜਨਾਥ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਮਹੀਨੇ ''ਚ ਇਹ ਉਨ੍ਹਾਂ ਦੀ ਦੂਜੀ ਯਾਤਰਾ ਹੈ। ਜਿਸ ਤੋਂ ਕਸ਼ਮੀਰ ਪ੍ਰਤੀ ਕੇਂਦਰ ਦੀ ਵੱਡੀ ਭਾਵਨਾਂ ਦਾ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਸੰਬੰਧੀ ਮਾਹਿਰਾਂ ਦੀ ਇਕ ਕਮੇਟੀ ਬਣਾ ਦਿੱਤੀ ਗਈ ਹੈ, ਜਿਹੜੀ ਕਿ ਪੈਲੇਟ ਗੰਨ ਦੇ ਬਦਲ ਬਾਰੇ ਆਪਣੀ ਰਿਪੋਰਟ ਦੋ-ਤਿੰਨ ਦਿਨਾਂ ''ਚ ਸਰਕਾਰ ਨੂੰ ਦੇ ਦੇਵੇਗੀ। ਇਸ ਪਿੱਛੋ ਅਸੀਂ ਪੇਲੇਟ ਗੰਨ ਦਾ ਬਦਲ ਪੇਸ਼ ਕਰ ਦਵਾਂਗੇ। 
ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਸਾਰੇ ਦਲਾਂ ਨਾਲ ਗੱਲਬਾਤ ਕੀਤੀ  ਗਈ ਹੈ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਕਸ਼ਮੀਰ ''ਚ ਸ਼ਾਂਤੀ  ਬਹਾਲ ਹੋਵੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸੂਬੇ ''ਚ ਅਸ਼ਾਂਤੀ ਫੈਲਾਅ ਰਹੇ ਹਨ, ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਸ਼੍ਰੀ ਨਗਰ ਪਹੁੰਚ ਕੇ ਫੌਜ, ਨੀਮ ਫੌਜੀ ਫੋਰਸ ਅਤੇ ਸੂਬਾਈ ਪੁਲਸ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲਿਆ। ਰਾਜਨਾਥ ਸਿੰਘ ਨੇ ਸਪੱਸ਼ਟ ਕਿਹਾ ਕਿ ਜਿਸ ਵਿਅਕਤੀ ਦਾ ਕਸ਼ਮੀਰੀਅਤ, ਮਨੁੱਖਤਾ ਅਤੇ ਲੋਕਤੰਤਰ ''ਚ ਵਿਸ਼ਵਾਸ ਹੈ, ਸਰਕਾਰ ਉਨ੍ਹਾਂ ਸਾਰੀਆਂ ਧਿਰਾਂ ਨਾਲ ਗੱਲਬਾਤ ਦੇ ਲਈ ਤਿਆਰ ਹੈ।