ਮਾਮਲਾ ਪ੍ਰੇਮ ਵਿਆਹ : ਭੈਣ ਨੂੰ ਮਾਰਨ ਵਾਲੇ ਭਰਾ ਨੂੰ ਮਿਲੀ 'ਮੌਤ ਦੀ ਸਜ਼ਾ'

12/06/2018 1:17:00 PM

ਹਿਸਾਰ— ਹਰਿਆਣਾ ਦੇ ਹਿਸਾਰ ਦੀ ਇਕ ਅਦਾਲਤ ਨੇ 26 ਸਾਲਾ ਨੌਜਵਾਨ ਨੂੰ ਆਪਣੀ ਭੈਣ ਦੇ ਕਤਲ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਪੰਕਜ ਨੇ ਦੋਸ਼ੀ ਭਰਾ ਅਸ਼ੋਕ ਨੂੰ ਇਹ ਸਜ਼ਾ ਸੁਣਾਈ, ਜੋ ਕਿ ਹਿਸਾਰ ਜ਼ਿਲੇ ਦੇ ਪਿੰਡ ਜੁਗਲਾਨ ਦਾ ਵਾਸੀ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਬੀਤੇ ਸਾਲ ਦਾ ਹੈ। ਅਸ਼ੋਕ ਨੇ 9 ਫਰਵਰੀ 2017 ਨੂੰ ਆਪਣੀ ਭੈਣ ਕਿਰਨ ਦੀ ਹੱਤਿਆ ਕਰ ਦਿੱਤੀ ਸੀ। ਜੁਗਲਾਨ ਵਾਸੀ ਕਿਰਨ ਨੇ 8 ਅਗਸਤ 2015 ਨੂੰ ਹਿਸਾਰ ਜ਼ਿਲੇ ਦੇ ਪਿੰਡ ਸੀਸਵਾਲ ਵਾਸੀ ਰੋਹਤਾਸ਼ (ਸੈਨੀ) ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਕਿਰਨ ਦਾ ਪਰਿਵਾਰ ਉਸ ਦੇ ਵਿਆਹ ਨੂੰ ਲੈ ਕੇ ਵਿਰੋਧ ਵਿਚ ਸੀ, ਕਿਉਂਕਿ ਲੜਕਾ ਰੋਹਤਾਸ਼ ਵੱਖਰੇ ਭਾਈਚਾਰੇ ਨਾਲ ਸਬੰਧ ਰੱਖਦਾ ਹੈ। 



9 ਫਰਵਰੀ 2017 ਨੂੰ ਕਿਰਨ ਦਾ ਜੁਗਲਾਨ ਪਿੰਡ ਵਿਚ ਸ਼ੱਕੀ ਹਲਾਤਾਂ ਵਿਚ ਕਤਲ ਕਰ ਦਿੱਤਾ ਗਿਆ ਸੀ। ਅਸ਼ੋਕ ਨੇ ਭੈਣ ਕਿਰਨ ਨੂੰ ਜ਼ਹਿਰ ਦੇ ਕੇ ਮਾਰਿਆ ਸੀ ਅਤੇ ਉਸ ਦੀ ਮੌਤ ਹੋ ਜਾਣ ਮਗਰੋਂ ਪੁਲਸ ਨੂੰ ਬਿਨਾਂ ਦੱਸੇ ਉਸ ਦਾ ਸੰਸਕਾਰ ਕਰ ਦਿੱਤਾ ਸੀ। ਕਿਰਨ ਨੇ ਮੌਤ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਸੀ, ਜੋ ਕਿ ਅਸ਼ੋਕ ਦੇ ਹੱਥ ਲੱਗ ਗਿਆ ਸੀ। ਹਾਲਾਂਕਿ ਇਕ ਸਮਾਜਿਕ ਵਰਕਰ ਵਲੋਂ ਇਸ ਮਾਮਲੇ ਨੂੰ ਚੁੱਕਿਆ ਗਿਆ ਅਤੇ ਪੁਲਸ ਵਲੋਂ ਕਾਰਵਾਈ ਕਰਨ ਦੀ ਗੱਲ ਕਹੀ ਗਈ ਸੀ। ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਅਕਤੀ ਨੇ ਆਨਰ ਕਿਲਿੰਗ ਦਾ ਕੇਸ ਦੱਸਿਆ ਸੀ। ਇਸ ਤੋਂ ਬਾਅਦ ਪੁਲਸ ਨੇ ਪੀੜਤਾ ਦੇ ਭਰਾ ਅਸ਼ੋਕ ਨੂੰ ਗ੍ਰਿਫਤਾਰ ਕੀਤਾ। ਅਸ਼ੋਕ ਵਿਰੁੱਧ ਇੰਡੀਅਨ ਪੀਨਲ ਕੋਡ (ਆਈ. ਪੀ. ਸੀ.) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬੀਤੀ 29 ਨਵੰਬਰ ਨੂੰ ਅਸ਼ੋਕ ਨੂੰ ਆਪਣੀ ਭੈਣ ਦੀ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਗਿਆ। ਦੋਸ਼ੀ ਭਰਾ ਅਸ਼ੋਕ ਨੇ ਦਾਅਵਾ ਕੀਤਾ ਸੀ ਕਿ ਕਿਰਨ ਦੀ ਮੌਤ ਕੁਦਰਤੀ ਹੈ, ਪੁਲਸ ਦੀ ਮਦਦ ਨਾਲ ਅਖੀਰ ਇਹ ਗੱਲ ਸਾਹਮਣੇ ਆਈ ਕਿ ਕਿਰਨ ਦੀ ਮੌਤ ਜ਼ਹਿਰ ਦੇਣ ਨਾਲ ਹੋਈ ਸੀ।


ਇਹ ਹੈ ਮਾਮਲਾ—
ਦਰਅਸਲ ਸੀਸਵਾਲ ਵਾਸੀ ਰੋਹਤਾਸ਼ ਸੈਨੀ ਅਤੇ ਪਿੰਡ ਜੁਗਲਾਨ ਵਾਸੀ ਕਿਰਨ ਦੀ ਸਾਲ 2012 ਨੂੰ ਹੋਈ। ਉਸ ਸਮੇਂ ਕਿਰਨ ਨਰਸਿੰਗ ਦੀ ਵਿਦਿਆਰਥਣ ਸੀ ਅਤੇ ਰੋਹਤਾਸ਼ ਇਕ ਪ੍ਰਾਈਵੇਟ ਡਰਾਈਵਰ ਵਜੋਂ ਨੌਕਰੀ ਕਰਦਾ ਸੀ। ਦੋਹਾਂ ਨੇ ਪ੍ਰੇਮ ਵਿਆਹ ਕਰਵਾ ਲਿਆ ਸੀ ਅਤੇ ਘਰ ਨਹੀਂ ਦੱਸਿਆ ਸੀ। ਦੋਹਾਂ ਨੇ ਵਿਆਹ ਰਜਿਸਟਰਡ ਕਰਾਉਣ ਸਮੇਂ ਪਰਿਵਾਰਾਂ ਤੋਂ ਜਾਨ ਦਾ ਖਤਰਾ ਹੋਣ ਦੀ ਗੱਲ ਆਖੀ ਸੀ। ਸੂਤਰਾਂ ਮੁਤਾਬਕ ਸਨਾਤਨ ਧਰਮ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸੰਜੈ ਚੌਹਾਨ ਨੇ ਜੋੜੇ ਦੀ ਮਦਦ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਰਨ ਅਤੇ ਰੋਹਤਾਸ਼ ਦਾ ਵਿਆਹ ਉਨ੍ਹਾਂ ਦੀ ਮੌਜੂਦਗੀ ਵਿਚ ਹੋਇਆ ਸੀ। ਵਿਆਹ ਮਗਰੋਂ ਉਹ ਆਪਣੇ ਮਾਪਿਆਂ ਦੇ ਘਰ ਚਲੀ ਗਈ ਅਤੇ ਲਿਖਤੀ ਬਿਆਨ 'ਚ ਕਿਹਾ ਸੀ ਕਿ ਉਹ ਆਪਣੇ ਮਾਪਿਆਂ ਨਾਲ ਰਹੇਗੀ। ਉਸ ਦੇ ਮਾਂ-ਬਾਪ ਉਸਦੇ ਵਿਆਹ ਲਈ ਲੜਕਾ ਲੱਭਣ ਲੱਗ ਪਏ ਤਾਂ ਉਸ ਨੇ ਪਰਿਵਾਰ ਨੂੰ ਦੱਸਿਆ ਉਹ ਰੋਹਤਾਸ਼ ਨਾਲ ਵਿਆਹ ਕਰਵਾ ਚੁੱਕੀ ਹੈ। ਜਿਸ ਤੋਂ ਬਾਅਦ ਉਸ ਦੇ ਭਰਾ ਨੇ ਉਸ ਦਾ ਕਤਲ ਕਰ ਦਿੱਤਾ।  

Tanu

This news is Content Editor Tanu