''ਹਿੰਦੀ ਦਿਵਸ'' : ਜਾਣੋ ਹਿੰਦੀ ਕਿਵੇਂ ਬਣੀ ਸੀ ਰਾਸ਼ਟਰ ਭਾਸ਼ਾ

09/14/2019 1:29:53 PM

ਨਵੀਂ ਦਿੱਲੀ— ਹਿੰਦੀ ਨੂੰ ਰਾਜ ਭਾਸ਼ਾ ਦਾ ਦਰਜਾ 14 ਸਤੰਬਰ 1949 'ਚ ਮਿਲਿਆ ਸੀ। ਉਦੋਂ ਤੋਂ ਹਰ ਸਾਲ ਇਹ ਦਿਨ 'ਹਿੰਦੀ ਦਿਵਸ' ਦੇ ਤੌਰ 'ਤੇ ਮਨਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਹਿੰਦੀ ਦਿਵਸ ਕਿਉਂ ਮਨਾਇਆ ਜਾਂਦਾ ਹੈ। ਇਸ ਦੇ ਪਿੱਛੇ ਕੀ ਕਾਰਨ ਹੈ। ਆਓ ਜਾਣਦੇ ਹਾਂ ਇਸ ਨਾਲ ਜੁੜੀਆਂ ਅਹਿਮ ਗੱਲਾਂ ਬਾਰੇ:-
1- ਹਿੰਦੀ ਭਾਰਤੀ ਗਣਰਾਜ ਦੀ ਸਰਕਾਰੀ ਅਤੇ ਮੱਧ ਭਾਰਤੀ- ਆਰੀਆ ਭਾਸ਼ਾ ਹੈ। 2001 ਦੀ ਜਨਗਣਨਾ ਅਨੁਸਾਰ ਲਗਭਗ 25.79 ਕਰੋੜ ਭਾਰਤੀ ਹਿੰਦੀ ਦੀ ਵਰਤੋਂ ਮਾਂ ਬੋਲੀ ਦੇ ਰੂਪ 'ਚ ਕਰਦੇ ਹਨ, ਜਦੋਂ ਕਿ ਲਗਭਗ 42.20 ਕਰੋੜ ਲੋਕ ਇਸ ਦੀ ਵਰਤੋਂ 50 ਤੋਂ ਵਧ ਬੋਲੀਆਂ 'ਚੋਂ ਇਕ ਬੋਲੀ ਦੇ ਰੂਪ ਵਜੋਂ ਕਰਦੇ ਹਨ।
2- 1998 ਤੋਂ ਪਹਿਲਾਂ ਮਾਂ ਬੋਲੀਆਂ ਦੀ ਗਿਣਤੀ ਦੀ ਦ੍ਰਿਸ਼ਟੀ ਨਾਲ ਵਿਸ਼ਵ 'ਚ ਵਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਜੋ ਅੰਕੜੇ ਮਿਲਦੇ ਹਨ, ਉਨ੍ਹਾਂ 'ਚ ਹਿੰਦੀ ਨੂੰ ਤੀਜਾ ਸਥਾਨ ਦਿੱਤਾ ਜਾਂਦਾ ਸੀ।
3- ਹਿੰਦੀ ਦੀਆਂ ਮੁੱਖ ਬੋਲੀਆਂ 'ਚ ਅਵਧੀ, ਭੋਜਪੁਰੀ, ਬ੍ਰਜਭਾਸ਼ਾ, ਛੱਤੀਸਗੜ੍ਹੀ, ਗੜ੍ਹਵਾਲੀ, ਹਰਿਆਣਵੀ, ਕੁਮਾਂਉਨੀ, ਮਾਗਧੀ ਅਤੇ ਮਾਰਵਾੜੀ ਭਾਸ਼ਾ ਸ਼ਾਮਲ ਹਨ।
 

ਇਸ ਤਰ੍ਹਾਂ ਹਿੰਦੀ ਬਣੀ ਰਾਜ ਭਾਸ਼ਾ
ਸਾਲ 1947 'ਚ ਜਦੋਂ ਅੰਗਰੇਜ਼ੀ ਹੁਕੂਮਤ ਤੋਂ ਭਾਰਤ ਆਜ਼ਾਦ ਹੋਇਆ ਤਾਂ ਉਸ ਦੇ ਸਾਹਮਣੇ ਭਾਸ਼ਾ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਸੀ, ਕਿਉਂਕਿ ਭਾਰਤ 'ਚ ਸੈਂਕੜੇ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਆਖਰਕਾਰ 26 ਨਵੰਬਰ 1949 ਨੂੰ ਸੰਵਿਧਾਨ ਦੇ ਅੰਤਿਮ ਫਾਰਮੇਟ ਨੂੰ ਮਨਜ਼ੂਰੀ ਦੇ ਦਿੱਤੀ। ਆਜ਼ਾਦ ਭਾਰਤ ਦਾ ਆਪਣਾ ਸੰਵਿਧਾਨ 26 ਜਨਵਰੀ 1950 ਤੋਂ ਪੂਰੇ ਦੇਸ਼ 'ਚ ਲਾਗੂ ਹੋਇਆ ਪਰ ਭਾਰਤ ਦੀ ਕਿਹੜੀ ਰਾਸ਼ਟਰ ਭਾਸ਼ਾ ਚੁਣੀ ਜਾਵੇਗੀ, ਇਹ ਮੁੱਦਾ ਕਾਫ਼ੀ ਅਹਿਮ ਸੀ। ਕਾਫੀ ਸੋਚ ਵਿਚਾਰ ਤੋਂ ਬਾਅਦ ਹਿੰਦੀ ਅਤੇ ਅੰਗਰੇਜ਼ੀ ਨੂੰ ਨਵੇਂ ਰਾਸ਼ਟਰ ਦੀ ਭਾਸ਼ਾ ਚੁਣਿਆ ਗਿਆ। ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ 'ਚ ਲਿਖੀ ਹਿੰਦੀ ਨੂੰ ਅੰਗਰੇਜ਼ਾਂ ਨਾਲ ਰਾਸ਼ਟਰ ਦੀ ਅਧਿਕਾਰਤ ਭਾਸ਼ਾ ਦੇ ਤੌਰ 'ਤੇ ਸਵੀਕਾਰ ਕੀਤਾ ਸੀ। 14 ਸਤੰਬਰ 1949 ਨੂੰ ਸੰਵਿਧਾਨ ਸਭਾ ਨੇ ਇਕਮਤ ਨਾਲ ਫੈਸਲਾ ਲਿਆ ਕਿ ਹਿੰਦੀ ਹੀ ਭਾਰਤ ਦੀ ਰਾਜ ਭਾਸ਼ਾ ਹੋਵੇਗੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਕਿਹਾ ਕਿ ਇਸ ਦਿਨ ਦੇ ਮਹੱਤਵ ਦੇਖਦੇ ਹੋਏ ਹਰ ਸਾਲ 14 ਸਤੰਬਰ ਨੂੰ 'ਹਿੰਦੀ ਦਿਵਸ' ਮਨਾਇਆ ਜਾਵੇ। ਜ਼ਿਕਰਯੋਗ ਹੈ ਕਿ ਪਹਿਲਾ ਹਿੰਦੀ ਦਿਵਸ 14 ਸਤੰਬਰ 1953 'ਚ ਮਨਾਇਆ ਗਿਆ ਸੀ।
 

ਅੰਗਰੇਜ਼ੀ ਭਾਸ਼ਾ ਹਟਾਏ ਜਾਣ 'ਤੇ ਹੋਏ ਸਨ ਵਿਰੋਧ ਪ੍ਰਦਰਸ਼ਨ
14 ਸਤੰਬਰ 1949 ਨੂੰ ਸੰਵਿਧਾਨ ਸਭਾ ਨੇ ਇਕਮਤ ਨਾਲ ਫੈਸਲਾ ਲਿਆ ਕਿ ਹਿੰਦੀ ਹੀ ਭਾਰਤ ਦੀ ਰਾਜ ਭਾਸ਼ਾ ਹੋਵੇਗੀ। ਅੰਗਰੇਜ਼ੀ ਭਾਸ਼ਾ ਨੂੰ ਹਟਾਏ ਜਾਣ ਦੀ ਖਬਰ 'ਤੇ ਦੇਸ਼ ਦੇ ਕੁਝ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀ। ਤਾਮਿਲਨਾਡੂ 'ਚ ਜਨਵਰੀ 1965 'ਚ ਭਾਸ਼ਾ ਵਿਵਾਦ ਨੂੰ ਲੈ ਕੇ ਦੰਗੇ ਹੋਏ ਸਨ।
 

ਜਨਤਕ ਭਾਸ਼ਾ ਹੈ ਹਿੰਦੀ
ਸਾਲ 1918 'ਚ ਮਹਾਤਮਾ ਗਾਂਧੀ ਨੇ ਹਿੰਦੀ ਸਾਹਿਤ ਸੰਮੇਲਨ 'ਚ ਹਿੰਦੀ ਭਾਸ਼ਾ ਨੂੰ ਰਾਸ਼ਟਰ ਭਾਸ਼ਾ ਬਣਾਉਣ ਲਈ ਕਿਹਾ ਸੀ। ਇਸ ਨੂੰ ਗਾਂਧੀ ਜੀ ਨੇ ਜਨਤਕ ਦੀ ਭਾਸ਼ਾ ਵੀ ਕਿਹਾ ਸੀ।

DIsha

This news is Content Editor DIsha