ਹਿਮਾਚਲ ’ਚ ਦਰਦਨਾਕ ਹਾਦਸਾ; ਪੰਜਾਬ ਦੇ ਸ਼ਰਧਾਲੂਆਂ ਨਾਲ ਭਰਿਆ ਟਰੱਕ ਖੱਡ ’ਚ ਪਲਟਿਆ, 2 ਦੀ ਮੌਤ

03/21/2022 1:56:19 PM

ਊਨਾ- ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਅੱਜ ਯਾਨੀ ਕਿ ਸੋਮਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਊਨਾ ਜ਼ਿਲ੍ਹੇ ’ਚ ਸ਼ਰਧਾਲੂਆਂ ਨਾਲ ਭਰਿਆ ਇਕ ਟਰੱਕ ਖੱਡ ’ਚ ਜਾ ਪਲਟਿਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 30 ਦੇ ਕਰੀਬ ਜ਼ਖਮੀ ਹੋਏ ਹਨ। ਇਹ ਹਾਦਸਾ ਜ਼ਿਲ੍ਹਾ ਸਬ-ਡਵੀਜ਼ਨ ਅੰਬ ਅਧੀਨ ਪੈਂਦੇ ਸਥਲ ਵਿਚ ਵਾਪਰਿਆ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਗੁਰਦਾਸਪੁਰ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਹੋਲੀ ਦੇ ਤਿਉਹਾਰ ਮੌਕੇ ਇਹ ਸ਼ਰਧਾਲੂ ਬਾਬਾ ਵਡਭਾਗ ਸਿੰਘ ਦੇ ਦਰਸ਼ਨ ਕਰ ਕੇ ਵਾਪਸ ਪੰਜਾਬ ਪਰਤ ਰਹੇ ਸਨ। ਇਹ ਹਾਦਸਾ ਅੱਜ ਸਵੇਰੇ 11 ਵਜੇ ਦੇ ਕਰੀਬ ਵਾਪਰਿਆ।

ਇਹ ਵੀ ਪੜ੍ਹੋ : ਫੁੱਟਬਾਲ ਦੇ ਲਾਈਵ ਮੈਚ ਦੌਰਾਨ ਵਾਪਰਿਆ ਵੱਡਾ ਹਾਦਸਾ, ਕਰੀਬ 200 ਲੋਕ ਹੋਏ ਜ਼ਖਮੀ

ਸੂਚਨਾ ਮਿਲਣ ਤੋਂ ਬਾਅਦ ਡੀ.ਸੀ. ਊਨਾ ਰਾਘਵ ਸ਼ਰਮਾ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ’ਚ 40 ਤੋਂ 50 ਸ਼ਰਧਾਲੂ ਸਵਾਰ ਸਨ। ਟਰੱਕ ਹੇਠਾਂ ਦਬੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜ਼ਖਮੀਆਂ ਨੂੰ ਊਨਾ ਦੇ ਅੰਬ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀਆਂ ’ਚ ਬੱਚੇ ਵੀ ਸ਼ਾਮਲ ਹਨ। ਮ੍ਰਿਤਕ ਸ਼ਰਧਾਲੂਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਓਧਰ ਊਨਾ ਦੇ ਡੀ. ਸੀ. ਮੁਤਾਬਕ ਸ਼ਰਧਾਲੂਆਂ ਨਾਲ ਭਰਿਆ ਟਰੱਕ ਪਲਟ ਗਿਆ ਹੈ, ਜਿਨ੍ਹਾਂ ’ਚੋਂ 2 ਦੀ ਮੌਤ ਹੋ ਗਈ ਹੈ। ਅਸੀਂ  ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਜ਼ਖਮੀ ਸ਼ਰਧਾਲੂ ਹਨ, ਉਨ੍ਹਾਂ ਨੂੰ ਉੱਚਿਤ ਇਲਾਜ ਮਿਲ ਸਕੇ, ਜਿਸ ਲਈ ਉਨ੍ਹਾਂ ਨੂੰ ਅੰਬ ਸਿਵਲ ਹਸਪਤਾਲ ’ਚ ਦਾਖ਼ਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣੇ PM ਮੋਦੀ, 13 ਵਿਸ਼ਵ ਨੇਤਾਵਾਂ ’ਚੋਂ ‘ਨੰਬਰ ਵਨ’

Tanu

This news is Content Editor Tanu