ਹਿਮਾਚਲ ਪ੍ਰਦੇਸ਼ ’ਚ 13 ਸਾਲ ਬਾਅਦ ਮਾਨਸੂਨ ਨੇ ਸਮੇਂ ਤੋਂ ਪਹਿਲਾਂ ਦਿੱਤੀ ਦਸਤਕ

06/14/2021 10:30:30 AM

ਸ਼ਿਮਲਾ- ਹਿਮਾਚਲ ਪ੍ਰਦੇਸ਼ ਵਿਚ 13 ਸਾਲ ਬਾਅਦ ਮਾਨਸੂਨ ਦਾ ਸਮੇਂ ਤੋਂ ਪਹਿਲਾਂ ਆਗਾਜ਼ ਹੋਇਆ ਹੈ। ਸੂਬੇ ਵਿਚ ਐਤਵਾਰ ਨੂੰ ਦੱਖਣੀ-ਪੱਛਮੀ ਮਾਨਸੂਨ ਨੇ ਦਸਤਕ ਦੇ ਦਿੱਤੀ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਹਿਮਾਚਲ ਵਿਚ ਮਾਨਸੂਨ ਦੇ ਦਾਖਲ ਹੋਣ ਦਾ ਤੈਅ ਸਮਾਂ 25 ਜੂਨ ਹੈ ਪਰ ਇਸ ਵਾਰ ਸਮੇਂ ਤੋਂ 12 ਦਿਨ ਪਹਿਲਾਂ ਮਾਨਸੂਨ ਹਿਮਾਚਲ ਵਿਚ ਆ ਗਿਆ ਹੈ। ਇਸ ਤੋਂ ਪਹਿਲਾਂ ਸਾਲ 2008 ਵਿੱਚ ਮਾਨਸੂਨ 13 ਜੂਨ ਨੂੰ ਆਇਆ ਸੀ। 

ਹਿਮਾਚਲ ਵਿੱਚ ਪਿਛਲੇ 21 ਸਾਲਾਂ ਵਿਚ ਮਾਨਸੂਨ ਦੇ ਦਸਤਕ ਦੇਣ ਦਾ ਸਭ ਤੋਂ ਬਿਹਤਰ ਰਿਕਾਰਡ ਸਾਲ 2000 ਵਿਚ ਰਿਹਾ ਹੈ, ਉਸ ਸਮੇਂ ਮਾਨਸੂਨ ਨੇ 9 ਜੂਨ ਨੂੰ ਦਸਤਕ ਦਿੱਤੀ ਸੀ । 2020 ਵਿੱਚ 24 ਜੂਨ ਨੂੰ ਮਾਨਸੂਨ ਇੱਥੇ ਪੁੱਜਿਆ ਸੀ। ਲਾਹੌਲ-ਸਪਿਤੀ ਅਤੇ ਕਿੰਨੌਰ ਨੂੰ ਛੱਡ ਕੇ ਹੋਰ 10 ਜ਼ਿਲਿਆਂ ਵਿਚ ਅਗਲੇ 24 ਘੰਟਿਆਂ ਯਾਨੀ 14 ਜੂਨ ਨੂੰ ਗਰਜ ਦੇ ਨਾਲ ਭਾਰੀ ਮੀਂਹ ਦਾ ਓਰੈਂਜ ਅਲਰਟ ਰਹੇਗਾ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਨ੍ਹੇਰੀ ਚੱਲਣ ਦਾ ਖ਼ਦਸ਼ਾ ਵੀ ਹੈ। ਇਨ੍ਹਾਂ ਇਲਾਕਿਆਂ ਵਿੱਚ 15, 16 ਅਤੇ 17 ਜੂਨ ਨੂੰ ਯੈਲੋ ਅਲਰਟ ਰਹੇਗਾ।

ਮੌਸਮ ਮਹਿਕਮੇ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਪੂਰੇ ਪ੍ਰਦੇਸ਼ ਵਿਚ ਦੱਖਣੀ-ਪੱਛਮੀ ਮਾਨਸੂਨ ਨੇ ਪ੍ਰਵੇਸ਼ ਕਰ ਲਿਆ ਹੈ। ਉਨਾਂ ਨੇ ਕਿਹਾ ਕਿ ਮਾਨਸੂਨ ਦੇ ਪ੍ਰਭਾਵ ਤੋਂ 17 ਜੂਨ ਤੱਕ ਪ੍ਰਦੇਸ਼ ਵਿਚ ਮੀਂਹ ਪੈਣ ਦਾ ਖ਼ਦਸ਼ਾ ਹੈ। ਇਸ ਨੂੰ ਲੈ ਕੇ ਮੈਦਾਨੀ ਅਤੇ ਮੱਧ ਪਹਾੜੀ ਇਲਾਕਿਆਂ ਤਹਿਤ ਆਉਣ ਵਾਲੇ 10 ਜ਼ਿਲਿਆਂ ਵਿਚ ਓਰੈਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Tanu

This news is Content Editor Tanu