ਹਿਮਾਚਲ ਪ੍ਰਦੇਸ਼ ਹਾਦਸਾ : ਤਿੰਨ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ 28 ਹੋਈ

08/17/2021 5:05:46 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਮੰਗਲਵਾਰ ਨੂੰ ਤਿੰਨ ਹੋਰ ਲਾਸ਼ਾਂ ਮਿਲਣ ਨਾਲ ਜ਼ਮੀਨ ਖਿੱਸਕਣ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 28 ਹੋ ਗਈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ। ਰਾਜ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਕਿਹਾ ਕਿ ਭਾਵਨਗਰ ਡੀ.ਐੱਸ.ਪੀ. ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨਿਚਾਰ ਤਹਿਸੀਲ ’ਚ ਰਾਸ਼ਟਰੀ ਰਾਜਮਾਰਗ 5 ’ਤੇ ਚੌਰਾ ਪਿੰਡ ’ਚ ਤਿੰਨ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਲ ਅਤੇ ਬਚਾਅ ਮੁਹਿੰਮ, ਜੋ ਸੋਮਵਾਰ ਰਾਤ ਨੂੰ ਰੋਕ ਦਿੱਤੀ ਗਈ ਸੀ, ਮੰਗਲਵਾਰ ਸਵੇਰੇ ਮੁੜ ਸ਼ੁਰੂ ਹੋ ਗਈ। ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.), ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਅਤੇ ਪੁਲਸ ਤੇ ਹੋਮਗਾਰਡ ਦੇ ਜਵਾਨਾਂ ਵਲੋਂ ਸੰਯੁਕਤ ਰੂਪ ਨਾਲ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਚੌਰਾ ਪਿੰਡ ਕੋਲ 11 ਅਗਸਤ ਨੂੰ ਜ਼ਮੀਨ ਖਿੱਸਕਣ ਹੋਇਆ ਸੀ।

ਇਹ ਵੀ ਪੜ੍ਹੋ : ਹਿਮਾਚਲ ਦੇ ਕਿੰਨੌਰ ’ਚ ਜ਼ਮੀਨ ਖਿੱਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋਈ

ਹਿਮਾਚਲ ਸੜਕ ਆਵਾਜਾਈ ਨਿਗਮ (ਐੱਚ.ਆਰ.ਟੀ.ਸੀ.) ਦੀ ਇਕ ਬੱਸ, ਇਕ ਐੱਸ.ਯੂ.ਵੀ. ਅਤੇ ਹੋਰ ਵਾਹਨ ਮਲਬੇ ਦੀ ਲਪੇਟ ’ਚ ਆ ਗਏ ਸਨ। ਘਟਨਾ ਵਾਲੇ ਦਿਨ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ 13 ਲੋਕਾਂ ਨੂੰ ਬਚਾਇਆ ਗਿਆ ਸੀ। ਸੋਮਵਾਰ ਤੱਕ 15 ਹੋਰ ਲਾਸ਼ਾਂ ਮਿਲ ਚੁਕੀਆਂ ਸਨ। ਮੋਖਤਾ ਨੇ ਕਿਹਾ ਕਿ ਐੱਸ.ਯੂ.ਵੀ. ਅਤੇ ਉਸ ਦੇ ਯਾਤਰੀਆਂ ਦਾ ਵੀ ਹਾਲੇ ਤੱਕ ਪਤਾ ਨਹੀਂ ਲੱਗਾ ਹੈ, ਜਿਨ੍ਹਾਂ ਦੇ ਮਲਬੇ ਹੇਠ ਦਬੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਵਾਹਨ ਮਲਬੇ ਨਾਲ ਡਿੱਗ ਗਿਆ ਹੋਵੇ। ਵੀਰਵਾਰ ਨੂੰ ਬੱਸ ਬੁਰੀ ਤਰ੍ਹਾਂ ਨੁਕਸਾਨੀ ਹਾਲਤ ’ਚ ਮਿਲੀ ਸੀ। ਪਹਾੜ ਤੋਂ ਹੇਠਾਂ ਡਿੱਗਣ ਨਾਲ ਨਦੀ ਕਿਨਾਰੇ ਡਿੱਗਿਆ ਇਕ ਟਰੱਕ ਵੀ ਮਿਲਿਆ ਹੈ ਅਤੇ ਚਾਲਕ ਦੀ ਲਾਸ਼ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ : ਹਿਮਾਚਲ ’ਚ ਪੜ੍ਹ ਰਹੇ ਅਫ਼ਗਾਨਿਸਤਾਨ ਦੇ ਵਿਦਿਆਰਥੀਆਂ ਨੂੰ ਸਤਾਉਣ ਲੱਗੀ ਵਤਨ ਵਾਪਸੀ ਦੀ ਚਿੰਤਾ

DIsha

This news is Content Editor DIsha