ਹਿਮਾਚਲ ''ਚ ਭਾਰੀ ਬਰਫਬਾਰੀ, ਲੋਕਾਂ ਨੂੰ ਸ਼ਿਮਲਾ ਅਤੇ ਮਨਾਲੀ ਨਾ ਜਾਣ ਦੀ ਸਲਾਹ

01/08/2020 6:15:03 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ 'ਚ ਭਾਰੀ ਬਰਫਬਾਰੀ ਕਾਰਨ ਸੂਬੇ ਦੀਆਂ 250 ਸੜਕਾਂ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਸ਼ਿਮਲਾ ਅਤੇ ਮਨਾਲੀ ਨਾ ਜਾਣ ਦੀ ਸਲਾਹ ਦਿੱਤੀ ਹੈ। ਫੇਸਬੁੱਕ ਪੇਜ 'ਤੇ ਦਿੱਤੇ ਆਪਣੇ ਸੰਦੇਸ਼ ਵਿਚ ਸ਼ਿਮਲਾ ਪੁਲਸ ਨੇ ਕਿਹਾ ਕਿ ਸ਼ਹਿਰ ਵੱਲ ਆਉਣ ਵਾਲੀਆਂ ਸਾਰੀਆਂ ਸੜਕਾਂ ਬੰਦ ਹਨ। ਸ਼ਿਮਲਾ ਦੇ ਪੁਲਸ ਸੁਪਰਡੈਂਟ ਓਮਪਤੀ ਜਮਵਾਲ ਨੇ ਦੱਸਿਆ ਕਿ ਇਨ੍ਹਾਂ ਸੜਕਾਂ 'ਤੇ ਆਵਾਜਾਈ ਸ਼ੁਰੂ ਹੋਣ ਤਕ ਇੱਥੋਂ ਦੀ ਯਾਤਰਾ ਕਰਨਾ ਠੀਕ ਨਹੀਂ ਹੋਵੇਗਾ। ਬਰਫ ਪੈਣ ਕਾਰਨ ਸੜਕਾਂ 'ਤੇ ਸੈਲਾਨੀ ਕਈ ਘੰਟਿਆਂ ਤਕ ਫਸੇ ਰਹੇ। ਇਸ ਪ੍ਰਕਾਰ ਕੁੱਲੂ ਪੁਲਸ ਨੇ ਵੀ ਕਿਹਾ ਹੈ ਕਿ ਬਰਫਬਾਰੀ ਕਾਰਨ ਮਨਾਲੀ ਦੇ ਹੇਠਲੇ ਇਲਾਕਿਆਂ ਵਿਚ ਸੜਕਾਂ ਜਾਮ ਹਨ। 

ਕੁੱਲੂ ਦੇ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਦੱਸਿਆ ਕਿ 'ਗਰੀਨ ਟੈਕਸ ਬੈਰੀਅਰ' ਅੱਗੇ ਵਾਹਨਾਂ ਨੂੰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਲੇ ਨਿਰਦੇਸ਼ ਤਕ ਆਪਣੇ ਵਾਹਨ ਲੈ ਕੇ ਮਨਾਲੀ ਵੱਲ ਨਾ ਆਉਣ। ਮੌਸਮ ਵਿਭਾਗ ਮੁਤਾਬਕ ਸ਼ਿਮਲਾ 'ਚ ਮੰਗਲਵਾਰ ਸ਼ਾਮ ਨੂੰ ਸਾਢੇ 8 ਵਜੇ ਤਕ 20 ਸੈਂਟੀਮੀਟਰ ਬਰਫਬਾਰੀ ਹੋਈ ਹੈ। ਵਿਭਾਗ ਨੇ ਦੱਸਿਆ ਕਿ ਪ੍ਰਦੇਸ਼ ਦੇ ਚੰਬਾ ਜ਼ਿਲੇ ਦੇ ਡਲਹੌਜੀ ਵਿਚ 35 ਸੈਂਟੀਮੀਟਰ, ਕੁੱਲੂ ਜ਼ਿਲੇ ਮਨਾਲੀ 'ਚ 22 ਸੈਂਟੀਮੀਟਰ ਬਰਫਬਾਰੀ ਹੋਈ ਹੈ।

Tanu

This news is Content Editor Tanu