ਕੋਵਿਡ ਸੈਂਟਰ 'ਚ 'ਕੋਰੋਨਾ' ਮਰੀਜ਼ਾਂ ਦੇ ਸ਼ਰਾਬ ਪੀਣ ਅਤੇ ਮੀਟ ਖਾਣ ਦੀਆਂ ਤਸਵੀਰਾਂ ਵਾਇਰਲ

08/19/2020 8:39:45 PM

ਚੰਬਾ— ਕੋਰੋਨਾ ਦਾ ਦੌਰ ਚੱਲ ਰਿਹਾ ਹੈ ਅਤੇ ਦੇਸ਼ ਭਰ 'ਚ ਕੋਰੋਨਾ ਦੇ ਕੇਸ ਵੱਧਦੇ ਜਾ ਰਹੇ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬਣੇ ਕੋਵਿਡ ਕੇਅਰ ਸੈਂਟਰਾਂ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇਸ ਜਾਨਲੇਵਾ ਕੋਰੋਨਾ ਤੋਂ ਬਚਾਅ ਲਈ ਜ਼ਿਆਦਾ ਸਾਵਧਾਨੀ ਵਰਤੀ ਜਾਣੀ ਬੇਹੱਦ ਜ਼ਰੂਰੀ ਹੈ। ਕੋਵਿਡ ਕੇਅਰ ਸੈਂਟਰ 'ਚ ਮਰੀਜ਼ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਪਰ ਇਸ ਦਰਮਿਆਨ ਇਕ ਕੋਵਿਡ ਕੇਅਰ ਸੈਂਟਰ 'ਚ ਰੱਖੇ ਕੋਰੋਨਾ ਮਰੀਜ਼ਾਂ ਦੇ ਸ਼ਰਾਬ ਪੀਣ ਅਤੇ ਮੀਟ ਖਾਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਦਾਅਵਾ ਹੈ ਕਿ ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ 'ਚ ਸਥਿਤ ਇਕ ਕੋਵਿਡ ਕੇਅਰ ਸੈਂਟਰ ਦੀਆਂ ਹਨ। ਓਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਮਹਿਕਮੇ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।


ਵਾਇਰਲ ਤਸਵੀਰਾਂ 'ਚ ਮਰੀਜ਼ ਸ਼ਰਾਬ ਅਤੇ ਮੀਟ ਖਾ ਰਹੇ ਹਨ। ਤਸਵੀਰਾਂ ਦੇ ਸਾਹਮਣੇ ਆਉਣ 'ਤੇ ਪ੍ਰਸ਼ਾਸਨ ਅਤੇ ਸਿਹਤ ਮਹਿਕਮਾ ਨਿਸ਼ਾਨੇ 'ਤੇ ਹਨ। ਸਵਾਲ ਇਹ ਉਠਦਾ ਹੈ ਕਿ ਕੋਵਿਡ ਸੈਂਟਰ 'ਚ ਸ਼ਰਾਬ ਅਤੇ ਮੀਟ ਕਿਵੇਂ ਪੁੱਜਾ? ਕਿਉਂਕਿ ਕੋਵਿਡ ਸੈਂਟਰ ਅੰਦਰ ਮਰੀਜ਼ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਆਉਣ ਦੀ ਇਜਾਜ਼ਤ ਨਹੀਂ ਹੁੰਦੀ ਹੈ। ਓਧਰ ਚੰਬਾ ਦੇ ਸੀ. ਐੱਮ. ਓ. ਡਾ. ਰਾਜੇਸ਼ ਗੁਲੇਰੀ ਨੇ ਕਿਹਾ ਕਿ ਸੈਂਟਰ 'ਚ ਸ਼ਰਾਬ ਪੀਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜਾਂਚ ਬੈਠਾਈ ਗਈ ਹੈ। ਨੋਡਲ ਅਫ਼ਸਰ ਨੂੰ ਇਸ ਬਾਬਤ ਜਾਂਚ ਦੇ ਹੁਕਮ ਦਿੱਤੇ ਹਨ। ਉਹ ਜਲਦੀ ਹੀ ਰਿਪੋਰਟ ਪੇਸ਼ ਕਰੇਗਾ। ਸ਼ੁਰੂਆਤੀ ਜਾਂਚ 'ਚ ਦੇਖਿਆ ਗਿਆ ਹੈ ਕਿ ਜਦੋਂ ਉਕਤ ਵਿਅਕਤੀ ਨੂੰ ਕੋਵਿਡ ਸੈਂਟਰ ਵਿਚ ਲਿਆਂਦਾ ਗਿਆ ਸੀ ਤਾਂ ਉਹ ਆਪਣੇ ਸਾਮਾਨ ਨਾਲ ਸ਼ਰਾਬ ਦੀ ਬੋਤਲ ਲਿਆਇਆ ਹੋਵੇਗਾ। ਮੀਟ ਅਤੇ ਫ਼ਲ ਕੋਵਿਡ ਕੇਅਰ ਸੈਂਟਰ 'ਚ ਲੈ ਕੇ ਜਾਣ ਦੀ ਆਗਿਆ ਹੈ ਪਰ ਸ਼ਰਾਬ ਲੈ ਕੇ ਕੋਈ ਵਿਅਕਤੀ ਅੰਦਰ ਨਹੀਂ ਜਾ ਸਕਦਾ। ਜਾਂਚ ਪੂਰੀ ਹੋਣ ਮਗਰੋਂ ਹੀ ਅਸਲ ਗੱਲ ਸਾਰਿਆਂ ਦੇ ਸਾਹਮਣੇ ਆ ਸਕੇਗੀ।

Tanu

This news is Content Editor Tanu