ਅਟਲ ਸੁਰੰਗ ''ਚ ਕਾਰ ਰੋਕ ਹੰਗਾਮਾ ਕਰ ਰਹੇ ਸੈਲਾਨੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

12/25/2020 3:00:15 PM

ਕੁੱਲੂ- ਹਿਮਾਚਲ ਪ੍ਰਦੇਸ਼ 'ਚ ਅਟਲ ਸੁਰੰਗ ਰੋਹਤਾਂਗ ਦੇਖਣ ਲਈ ਲੋਕ ਦੂਰ-ਦੂਰ ਤੋਂ ਪਹੁੰਚ ਰਹੇ ਹਨ। ਪਰ ਕੁਝ ਲੋਕ ਸੁਰੰਗ ਦੇ ਅੰਦਰ ਹੰਗਾਮਾ ਕਰਦੇ ਪਾਏ ਗਏ। ਸੁਰੰਗ ਦੇ ਅੰਦਰ ਕਾਰ ਖੜ੍ਹੀ ਕਰ ਕੇ ਡਾਂਸ ਕਰਨ ਵਾਲੇ ਦਿੱਲੀ ਦੇ ਸੈਲਾਨੀਆਂ ਨੇ ਹੰਗਾਮਾ ਕੀਤਾ। ਸੁਰੰਗ ਦੇ ਅੰਦਰ ਟਰੈਫਿਕ ਰੋਕਿਆ ਅਤੇ ਇਸ ਦੌਰਾਨ ਲੋਕਾਂ ਨੇ ਇਨ੍ਹਾਂ ਦਾ ਵੀਡੀਓ ਬਣਾਇਆ। ਪੁਲਸ ਨੇ ਸਾਰੇ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ 8 ਸੈਲਾਨੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹੋਰ ਵਿਰੁੱਧ ਕਾਰਵਾਈ ਕਰ ਰਹੀ ਹੈ। ਨਾਲ ਹੀ ਹੋਰ ਗੱਡੀਆਂ ਦੇ ਸੈਲਾਨੀ, ਜੋ ਉੱਥੇ ਅਜਿਹੀ ਹਰਕਤ ਕਰ ਰਹੇ ਸਨ, ਉਨ੍ਹਾਂ ਤੋਂ ਵੀ ਪੁੱਛ-ਗਿੱਛ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਸੁਰੰਗ ਦੇ ਅੰਦਰ ਜਦੋਂ ਸੈਲਾਨੀਆਂ ਨੇ ਵਾਹਨ ਖੜ੍ਹੇ ਕਰ ਕੇ ਹੰਗਾਮਾ ਕੀਤਾ ਤਾਂ ਕਾਫ਼ੀ ਦੇਰ ਤੱਕ ਆਵਾਜਾਈ ਜਾਮ ਦੀ ਸਥਿਤੀ ਬਣੀ ਰਹੀ। ਹਾਲਾਂਕਿ ਕੁਝ ਸਮੇਂ ਬਾਅਦ ਪੁਲਸ ਨੇ ਆਵਾਜਾਈ ਜਾਮ ਨੂੰ ਕੰਟਰੋਲ ਕਰ ਦਿੱਤਾ ਅਤੇ ਅਜਿਹੀ ਸਥਿਤੀ ਪੈਦਾ ਕਰ ਵਾਲੇ ਸੈਲਾਨੀਆਂ ਵਿਰੁੱਧ ਕਾਰਵਾਈ ਕੀਤੀ। ਪੁਲਸ ਸੁਪਰਡੈਂਟ ਕੁੱਲੂ ਗੌਰਵ ਸਿੰਘ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ 'ਚ 8 ਸੈਲਾਨੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ 'ਚ ਪੁਲਸ ਨੇ ਸੰਦੀਪ (27), ਸਿਮਰਨ ਸਿੰਘ (25), ਰਿਤਿਕ ਗੋਇਲ (20), ਹਰਪ੍ਰੀਤ ਸਿੰਘ (21), ਰਵੀਨ ਮੰਗਲ (19), ਸ਼ਿਵਮ ਸਿੰਗਲ (19), ਰਿਸ਼ਵ ਗੁਪਤਾ (19), ਰਜਨੀਸ਼ (21) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਸਾਰੇ ਨਰੇਲਾ ਦਿੱਲੀ ਦੇ ਰਹਿਣ ਵਾਲੇ ਹਨ।

DIsha

This news is Content Editor DIsha