ਹਿਮਾਚਲ ਜ਼ਿਮਨੀ ਚੋਣਾਂ : ਦੋਹਾਂ ਸੀਟਾਂ 'ਤੇ ਖਿੜਿਆ 'ਕਮਲ'

10/24/2019 4:44:22 PM

ਸ਼ਿਮਲਾ (ਭਾਸ਼ਾ)— ਸੱਤਾਧਾਰੀ ਭਾਜਪਾ ਨੇ ਹਿਮਾਚਲ ਪ੍ਰਦੇਸ਼ 'ਚ ਧਰਮਸ਼ਾਲਾ ਅਤੇ ਪਛਾਦ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚ ਵੀਰਵਾਰ ਨੂੰ ਜਿੱਤ ਦਰਜ ਕੀਤੀ ਹੈ। ਯਾਨੀ ਕਿ ਹਿਮਾਚਲ ਦੀਆਂ ਇਨ੍ਹਾਂ ਦੋਹਾਂ ਸੀਟਾਂ 'ਤੇ ਇਕ ਵਾਰ ਫਿਰ ਕਮਲ ਖਿੜਿਆ ਹੈ। ਪਛਾਦ 'ਚ ਭਾਜਪਾ ਦੀ ਰੀਨਾ ਕਸ਼ਯਪ ਨੇ ਆਪਣੇ ਮੁਕਾਬਲੇਬਾਜ਼ ਸਾਬਕਾ ਮੰਤਰੀ ਕਾਂਗਰਸ ਦੇ ਗੰਗੂ ਰਾਮ ਮੁਸਾਫਿਰ ਨੂੰ 2,742 ਵੋਟਾਂ ਦੇ ਫਰਕ ਨਾਲ ਹਰਾਇਆ। 

ਓਧਰ ਧਰਮਸ਼ਾਲਾ 'ਚ ਭਾਜਪਾ ਦੇ ਵਿਸ਼ਾਲ ਨੇਹਰੀਆ ਨੇ ਆਪਣੇ ਮੁਕਾਬਲੇਬਾਜ਼ ਰਾਕੇਸ਼ ਕੁਮਾਰ ਨੂੰ 6,758 ਵੋਟਾਂ ਦੇ ਫਰਕ ਨਾਲ ਹਰਾਇਆ। ਕੁਮਾਰ ਭਾਜਪਾ ਦੇ ਬਾਗੀ ਨੇਤਾ ਸਨ ਅਤੇ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ ਸੀ। ਕਾਂਗਰਸ ਦੇ ਵਿਜੇ ਇੰਦਰ ਕਰਣ ਦੀ ਜ਼ਮਾਨਤ ਜ਼ਬਤ ਹੋ ਗਈ, ਕਿਉਂਕਿ ਉਹ ਕੁੱਲ ਵੋਟਾਂ ਦਾ 6ਵਾਂ ਹਿੱਸਾ ਵੀ ਹਾਸਲ ਨਹੀਂ ਕਰ ਸਕੇ। ਧਰਮਸ਼ਾਲਾ ਅਤੇ ਪਛਾਦ ਸੀਟ 'ਤੇ ਜ਼ਿਮਨੀ ਚੋਣਾਂ ਕਰਾਉਣੀਆਂ ਇਸ ਲਈ ਜ਼ਰਰੀ ਹੋ ਗਿਆ ਸੀ, ਕਿਉਂਕਿ ਮੌਜੂਦਾ ਵਿਧਾਇਕ ਭਾਜਪਾ ਦੇ ਮੁਕੇਸ਼ ਕਸ਼ਯਪ ਅਤੇ ਕਿਸ਼ਨ ਕਪੂਰ ਮਈ ਵਿਚ ਹੋਈਆਂ ਲੋਕ ਸਭਾ ਚੋਣਾਂ 'ਚ ਜਿੱਤ ਗਏ ਸਨ।

ਇੱਥੇ ਦੱਸ ਦੇਈਏ ਕਿ ਦੋਹਾਂ ਵਿਧਾਨ ਸਭਾ ਖੇਤਰਾਂ ਦੀਆਂ ਜ਼ਿਮਨੀ ਚੋਣਾਂ 'ਚ ਲੱਗਭਗ 69.11 ਫੀਸਦੀ ਵੋਟਿੰਗ ਹੋਈ ਸੀ। ਇਨ੍ਹਾਂ ਵਿਚ ਧਰਮਸ਼ਾਲਾ 65.38 ਅਤੇ ਪਛਾਦ 'ਚ 72.85 ਫੀਸਦੀ ਵੋਟਿੰਗ ਹੋਈ। ਦੋਹਾਂ ਸੀਟਾਂ 'ਤੇ ਮੁਕਾਬਲਾ ਸੂਬੇ 'ਚ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਹੋਇਆ।

Tanu

This news is Content Editor Tanu