ਹਿਮਾਚਲ ਪ੍ਰਦੇਸ਼ ''ਚ ਭਾਰੀ ਮੀਂਹ ਕਾਰਨ ਫਸੇ 500 ਲੋਕ

08/19/2019 5:27:10 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਪਿਛਲੇ ਦੋ ਦਿਨ ਵਿਚ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ 'ਚ ਸੂਬੇ ਦੇ ਕੁਝ ਹਿੱਸਿਆਂ ਵਿਚ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ। ਸ਼ਿਮਲਾ ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਅਗਲੇ 24 ਘੰਟਿਆਂ ਵਿਚ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਹਲਕੇ ਤੋਂ ਮੱਧਮ ਦਰਜੇ ਦਾ ਮੀਂਹ ਪੈ ਸਕਦਾ ਹੈ, ਉੱਥੇ ਹੀ ਦੂਰ-ਦੁਰਾਡੇ ਦੇ ਖੇਤਰਾਂ ਵਿਚ ਤੇਜ਼ ਮੀਂਹ ਪੈਣ ਦੇ ਆਸਾਰ ਹਨ। ਸੂਬੇ 'ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ, ਜਿਸ ਕਾਰਨ ਕਈ ਹਿੱਸਿਆਂ 'ਚ 500 ਲੋਕ ਫਸੇ ਹੋਏ ਹਨ। ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਅਤੇ ਚੰਬਾ ਜ਼ਿਲਿਆਂ 'ਚ  ਕੁਝ ਥਾਂਵਾਂ 'ਤੇ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਅਗਸਤ ਮਹੀਨੇ ਵਿਚ ਆਮ ਤੌਰ 'ਤੇ ਇਨ੍ਹਾਂ ਖੇਤਰਾਂ ਵਿਚ ਬਰਫਬਾਰੀ ਨਹੀਂ ਹੁੰਦੀ ਹੈ। ਜ਼ਿਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਤਾਜ਼ਾ ਬਰਫਬਾਰੀ ਕਾਰਨ ਚੰਬਾ ਤੋਂ ਪੰਗੀ ਜਾਣ ਵਾਲੀ ਸੜਕ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ।

ਸੜਕਾਂ ਨੂੰ ਸਾਫ ਕਰਨ ਅਤੇ ਵਾਹਨਾਂ ਨੂੰ ਸੁਰੱਖਿਅਤ ਥਾਂਵਾਂ 'ਤੇ ਜਾਣ ਦੇਣ ਲਈ ਆਵਾਜਾਈ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੱਸਿਆ ਕਿ ਰਾਸ਼ਟਰੀ ਆਫਤ ਮੋਚਨ ਬਲ ਕਾਂਗੜਾ ਜ਼ਿਲੇ ਦੇ ਨੂਰਪੁਰ ਡਵੀਜ਼ਨ ਵਿਚ ਭਰੇ ਪਾਣੀ ਨੂੰ ਕੱਢਣ ਲਈ ਬਦਲਵੇਂ ਮਾਰਗ ਬਣਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਂਗੜਾ ਜ਼ਿਲੇ ਦੇ ਤਿਨਦੀ, ਦਾਨੀ, ਮਿਰਕਾ, ਲਦੋਰ, ਥਾਣਾ, ਹਿੰਦੋਰਘਾਟ, ਲੇਤਰੀ ਅਤੇ ਜਸੂਰ ਪਿੰਡ ਦੇ ਲੋਕਾਂ ਨੂੰ ਘਰ ਖਾਲੀ ਕਰਨ ਨੂੰ ਕਿਹਾ ਗਿਆ ਹੈ। ਕੁੱਲੂ ਜ਼ਿਲੇ ਦੇ ਰੂਪਾ ਖੇਤਰ ਦੇ ਨੇੜੇ ਜ਼ਮੀਨ ਖਿਸਕਣ ਕਾਰਨ ਅਵੇਰੀ-ਬਜੀਰਬਾਡੀ ਮਾਰਗ ਅਤੇ ਬਜੌਰਾ-ਕਤੌਲਾ ਮਾਰਗ ਬੰਦ ਹੋ ਗਿਆ। ਚੰਬਾ ਵਿਚ ਵੀ ਕਈ ਮਾਰਗ ਬੰਦ ਹਨ।

Tanu

This news is Content Editor Tanu