ਹਿਮਾਚਲ ਵਿਧਾਨਸਭਾ ਚੋਣਾਂ : ਭਾਜਪਾ ਅੱਜ ਕਰੇਗੀ ਉਮੀਦਵਾਰਾਂ ਦਾ ਐਲਾਨ

10/15/2017 12:38:28 AM

ਨਵੀਂ ਦਿੱਲੀ/ਹਿਮਾਚਲ— ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਸ਼ਨੀਵਾਰ ਨੂੰ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫਤਰ 'ਚ ਅਹਿਮ ਬੈਠਕ ਕੀਤੀ। ਭਾਜਪਾ ਅੱਜ ਪ੍ਰੈਸ ਕਾਨਫਰੰਸ ਕਰ ਕੇ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ।
ਭਾਜਪਾ ਦੀ ਬੈਠਕ 'ਚ ਹਿਮਾਚਲ ਵਿਧਾਨਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂ 'ਤੇ ਚਰਚਾ ਕੀਤੀ ਗਈ ਸੀ। ਜਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਦਾ ਸੁਆਗਤ ਕੀਤਾ। ਇਸ ਬੈਠਕ 'ਚ ਹਿਮਾਚਲ ਵਿਧਾਨਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਸਮੇਤ ਚੋਟੀ ਦੇ ਆਗੂ ਅਤੇ ਕਮੇਟੀ ਦੇ ਬਾਕੀ ਮੈਂਬਰ ਬੈਠਕ 'ਚ ਸ਼ਾਮਲ ਹੋਏ। 
ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ 'ਚ 9 ਨਵੰਬਰ ਨੂੰ ਵਿਧਾਨਸਭਾ ਚੋਣਾਂ ਹੋਣ ਜਾ ਰਹੀਆਂ ਹਨ।  ਇਸ ਸੂਬੇ 'ਚ ਵਿਧਾਨ ਸਭਾ ਦੀਆਂ 68 ਸੀਟਾਂ ਹਨ। ਹਿਮਾਚਲ ਵਿਧਾਨਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਤਰੀਕ 16 ਅਕਤੂਬਰ ਤੋਂ 23 ਅਕਤੂਬਰ ਤੱਕ ਹੈ ਅਤੇ ਨਾਂ ਵਾਪਸ ਲੈਣ ਦੀ ਆਖਰੀ ਤਾਰੀਕ 26 ਅਕਤੂਬਰ ਤੱਕ ਹੈ। ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ । ਹਿਮਾਚਲ ਪ੍ਰਦੇਸ਼ ਵਿਧਾਨਸਭਾ ਦਾ ਕਾਰਜਕਾਲ 7 ਜਨਵਰੀ 2018 ਨੂੰ ਸਮਾਪਤ ਹੋ ਰਿਹਾ ਹੈ।