ਹਿਮਾਚਲ ’ਚ ਵਾਪਰਿਆ ਵੱਡਾ ਹਾਦਸਾ, ਸੁਰੰਗ ਅੰਦਰ ਟਰਾਲੀ ਟੁੱਟਣ ਨਾਲ 2 ਮਜ਼ਦੂਰ ਮਰੇ

05/07/2022 2:39:03 PM

ਕਿੰਨੌਰ- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਇਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਕਿੰਨੌਰ ਜ਼ਿਲ੍ਹੇ ’ਚ 150 ਮੈਗਾਵਾਟ ਦੇ ਟਿਡੋਂਗ ਪਣ-ਬਿਜਲੀ ਪ੍ਰਾਜੈਕਟ ਦੇ ਨਿਰਮਾਣ ਅਧੀਨ ਵਾਲੀ ਥਾਂ ’ਤੇ 180 ਮੀਟਰ ਡੂੰਘੀ ਸੁਰੰਗ ’ਚ ਟਰਾਲੀ ਟੁੱਟ ਗਈ। ਟਰਾਲੀ ਟੁੱਟਣ ਨਾਲ ਨਾਲ 5 ਮਜ਼ਦੂਰ ਦੱਬੇ ਗਏ, ਜਿਨ੍ਹਾਂ ’ਚੋਂ 2 ਦੀ ਮੌਤ ਹੋ ਗਈ ਅਤੇ 3 ਨੂੰ ਬਚਾਅ ਲਿਆ ਗਿਆ ਹੈ। 

ਕਿੰਨੌਰ ਦੇ ਡਿਪਟੀ ਕਮਿਸ਼ਨਰ ਆਬਿਦ ਹੁਸੈਨ ਸਾਦਿਕ ਨੇ ਦੱਸਿਆ ਕਿ ਜਲ-ਬਿਜਲੀ ਪ੍ਰਾਜੈਕਟ ਦੇ ਨਿਰਮਾਣ ਕੰਮ ਵਾਲੀ ਥਾਂ ਨੇੜੇ ਸੁਰੰਗ ’ਚ ਟਰਾਲੀ ਟੁੱਟਣ ਦੀ ਖ਼ਬਰ ਸਾਹਮਣੇ ਆਈ। ਅਜਿਹੇ ’ਚ ਪ੍ਰਾਜੈਕਟ ਪ੍ਰਬੰਧਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ 5 ’ਚੋਂ 3 ਮਜ਼ਦੂਰਾਂ ਨੂੰ ਬਚਾਇਆ ਗਿਆ, ਜਦਕਿ ਦੋ ਮਜ਼ਦੂਰਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕਾਂ ’ਚ ਇਕ ਹਮੀਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ, ਜਦਕਿ ਦੂਜੇ ਦਾ ਸਬੰਧ ਝਾਰਖੰਡ ਨਾਲ ਸੀ। ਅਧਿਕਾਰੀਆਂ ਮੁਤਾਬਕ ਇਹ ਹਾਦਸਾ, ਉਸ ਸਮੇਂ ਵਾਪਰਿਆ, ਜਦੋਂ ਮਜ਼ਦੂਰ ਆਪਣੀ ਡਿਊਟੀ ਪੂਰੀ ਕਰਨ ਮਗਰੋਂ ਸੁਰੰਗ ’ਚੋਂ ਬਾਹਰ ਆ ਰਹੇ ਸਨ। ਉਸ ਦੌਰਾਨ ਸੁਰੰਗ ਦੀ ਟਰਾਲੀ ’ਚ ਖਰਾਬੀ ਆ ਗਈ ਅਤੇ ਉਸ ’ਚ ਮਜ਼ਦੂਰ ਫਸ ਗਏ। 

ਇਕ ਹੋਰ ਜਾਣਕਾਰੀ ਮੁਤਾਬਕ ਜ਼ਖਮੀ ਮਜ਼ਦੂਰਾਂ ਦੀ ਹਾਲਤ ਸਥਿਰ ਨਹੀਂ ਆਖੀ ਜਾ ਸਕਦੀ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਾਜੈਕਟ ਪ੍ਰਬੰਧਨ ਨੇ ਤੁਰੰਤ ਹੀ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਨਾਲ ਹੀ ਪ੍ਰਸ਼ਾਸਨ ਅਤੇ ਪੁਲਸ ਨੂੰ ਵੀ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ। ਹੁਸੈਨ ਨੇ ਹਾਦਸੇ ਨੂੰ ਲੈ ਕੇ ਮੈਜਿਸਟ੍ਰੇਟ ਤੋਂ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹ ਜਾਂਚ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਪੂਹ ਨੂੰ ਸੌਂਪੀ ਗਈ ਹੈ। ਜਾਂਚ ਰਿਪੋਰਟ ਇਕ ਹਫ਼ਤੇ ਦੇ ਅੰਦਰ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

Tanu

This news is Content Editor Tanu