ਦਰਦਨਾਕ ਹਾਦਸਾ: ਤੇਜ਼ ਰਫਤਾਰ ਟਰਾਲੇ ਨੇ ਸੜਕ ’ਤੇ ਖੜ੍ਹੇ ASI ਤੇ ਕਾਂਸਟੇਬਲ ਸਮੇਤ 4 ਲੋਕਾਂ ਨੂੰ ਕੁਚਲਿਆ

08/14/2021 6:09:43 PM

ਅੰਬਾਲਾ– ਸ਼ਨੀਵਾਰ ਸਵੇਰੇ ਕਰੀਬ 5 ਵਜੇ ਅੰਬਾਲਾ ਸਿਟੀ ’ਚ ਕਾਰ ਅਤੇ ਟਰੱਕ ਦੀ ਟੱਕਰ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਪੀ.ਸੀ.ਆਰ. ’ਤੇ ਤਾਇਨਾਤ ਦੋ ਪੁਲਸ ਮੁਲਾਜ਼ਮਾਂ ਸਮੇਤ ਚਾਰ ਲੋਕਾਂ ਨੂੰ ਤੇਜ਼ ਰਫਤਾਰ ਟਰਾਲੇ ਨੇ ਕੁਚਲ ਦਿੱਤਾ। ਇਨ੍ਹਾਂ ’ਚੋਂ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਨੇ ਇਲਾਜ਼ ਦੌਰਾਨ ਦਮ ਤੌੜ ਦਿੱਤਾ। ਮ੍ਰਿਤਕਾਂ ’ਚ ਪੁਲਸ ਪੀ.ਸੀ.ਆਰ. ’ਤੇ ਤਾਇਨਾਤ ਏ.ਐੱਸ.ਆਈ. ਨਸੀਬ ਸਿੰਘ ਅਤੇ ਉਸ ਦੇ ਡਰਾਈਵਰ ਕਾਂਸਟੇਬਲ ਬਲਵਿੰਦਰ ਸਿੰਘ ਸਮੇਤ ਕੁਰੂਕਸ਼ੇਤਰ ਦੇ ਲਾਡਵਾ ਦੇ ਰਹਿਣ ਵਾਲੇ ਦੋ ਵਿਅਕਤੀ ਸ਼ਾਮਲ ਹਨ। 

ਜਾਣਕਾਰੀ ਮੁਤਾਬਕ, ਅੰਬਾਲਾ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਜੱਗੀ ਸਿਟੀ ਸੈਂਟਰ ਦੇ ਸਾਹਮਣੇ ਸਵੇਰੇ ਕਰੀਬ 5 ਵਜੇ ਲਾਡਵਾ ਵਲੋਂ ਆ ਰਹੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਸੂਚਨਾ ਮਿਲਦੇ ਹਨ ਪੁਲਸ ਪੀ.ਸੀ.ਆਰ. ਨੰਬਰ 108 ਮੌਕੇ ’ਤੇ ਪਹੁੰਚੀ ਅਤੇ ਆਵਾਜਾਈ ਵਿਵਸਥਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗੀ। 

ਇਸ ਦੌਰਾਨ ਏ.ਐੱਸ.ਆਈ. ਨਸੀਬ ਸਿੰਘ ਕਾਰ ਚਾਲਕ ਨੂੰ ਇਕ ਸਾਈਡ ’ਚ ਲੈ ਕੇ ਉਸ ਨੂੰ ਸਮਝਾਉਣ ਲੱਗਾ ਜਦਕਿ ਕਾਂਸਟੇਬਲ ਬਲਵਿੰਦਰ ਸਿੰਘ ਵਾਹਨਾਂ ਨੂੰ ਦੂਜੇ ਪਾਸੋਂ ਕੱਢਣ ਦਾ ਰਸਤਾ ਵਿਖਾਉਣ ਲੱਗਾ। ਅਜੇ ਇਹ ਮਾਮਲਾ ਪੂਰੀ ਤਰ੍ਹਾਂ ਨਿਬੜਿਆ ਵੀ ਨਹੀਂ ਸੀ ਕਿ ਇਸੇ ਦੌਰਾਨ ਪਿੱਛੋਂ ਆਏ ਇਕ ਤੇਜ਼ ਰਫਤਾਰ ਟਰਾਲੇ ਨੇ ਦੋਵਾਂ ਪੁਲਸ ਮੁਲਾਜ਼ਮਾਂ ਅਤੇ ਕਾਰ ਸਵਾਰ ਵਿਅਕਤੀਆਂ, ਜੋ ਉਸ ਸਮੇਂ ਸੜਕ ’ਤੇ ਖੜ੍ਹੇ ਸਨ, ਨੂੰ ਕੁਚਲ ਦਿੱਤਾ। ਸਾਰੇ ਜ਼ਖਮੀਆਂ ਨੂੰ ਜ਼ਿਲ੍ਹਾ ਨਾਗਰਿਕ ਹਸਪਤਾਲ ਅੰਬਾਲਾ ਸ਼ਹਿਰ ਲਿਜਾਇਆ ਗਿਆ ਜਿੱਥੇ ਦੋਵਾਂ ਪੁਲਸ ਮੁਲਾਜ਼ਮਾਂ ਅਤੇ ਇਕ ਹੋਰ ਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਕਰੀਬ ਇਕ ਘੰਟੇ ਦੇ ਇਲਾਜ ਤੋਂ ਬਾਅਦ ਚੌਥੇ ਵਿਅਕਤੀ ਨੇ ਵੀ ਦਮ ਤੋੜ ਦਿੱਤਾ। 

Rakesh

This news is Content Editor Rakesh