...ਜਦੋਂ ਖੇਤਾਂ 'ਚ ਪਸੀਨੋਂ-ਪਸੀਨ ਹੋਈ ਹੇਮਾ ਮਾਲਿਨੀ, ਕਣਕ ਦੀ ਕੀਤੀ ਵਾਢੀ

04/01/2019 12:16:23 PM

ਮਥੁਰਾ— ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਇਸ ਵਾਰ ਵੀ ਮਥੁਰਾ ਸੀਟ ਤੋਂ 2019 ਦੀਆਂ ਲੋਕ ਸਭਾ ਚੋਣਾਂ ਲੜੇਗੀ। ਹੇਮਾ ਮਾਲਿਨੀ ਚੋਣ ਪ੍ਰਚਾਰ ਵਿਚ ਜੁੱਟ ਗਈ ਹੈ। ਹੇਮਾ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਐਤਵਾਰ ਨੂੰ ਮਥੁਰਾ ਦੇ ਖੇਤਾਂ ਤੋਂ ਕੀਤੀ, ਜਿੱਥੇ ਕਣਕ ਦੀ ਵਾਢੀ ਕਰ ਰਹੀਆਂ ਔਰਤਾਂ ਨਾਲ ਹੇਮਾ ਨੇ ਵੀ ਕਣਕ ਦੀ ਵਾਢੀ ਕੀਤੀ। ਔਰਤਾਂ ਦੀ ਮਦਦ ਕਰਨ ਦੇ ਨਾਲ-ਨਾਲ ਹੇਮਾ ਨੇ ਕਣਕ ਦੀਆਂ ਪੰਡਾਂ ਵੀ ਬੰਨ੍ਹੀਆਂ।



ਕਣਕ ਦੀ ਵਾਢੀ ਕਰ ਰਹੀਆਂ ਔਰਤਾਂ ਨੂੰ ਯਕੀਨ ਨਹੀਂ ਹੋਇਆ ਕਿ ਹੇਮਾ ਮਾਲਿਨੀ ਉਨ੍ਹਾਂ ਨਾਲ ਖੇਤਾਂ ਵਿਚ ਕੰਮ ਕਰਵਾ ਰਹੀ ਹੈ। ਤੱਪਦੀ ਦੁਪਹਿਰ 'ਚ ਹੇਮਾ ਮਾਲਿਨੀ ਔਰਤਾਂ ਦਰਮਿਆਨ ਪੁੱਜੀ, ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਲੱਗੇ ਹੱਥ ਦਾਤਰੀ ਫੜ ਕੇ ਕਣਕ ਦੀ ਵਾਢੀ 'ਚ ਲੱਗ ਗਈ। ਦਰਅਸਲ ਕਿਸਾਨਾਂ ਨੂੰ ਕਣਕ ਦੀ ਵਾਢੀ ਕਰਦਿਆਂ ਦੇਖ ਕੇ ਹੇਮਾ ਖੁਦ ਨੂੰ ਰੋਕ ਨਹੀਂ ਸਕੀ, ਉਨ੍ਹਾਂ ਇਕ ਕਿਸਾਨ ਤੋਂ ਦਾਤਰੀ ਲਈ ਅਤੇ ਕਣਕ ਦੀ ਵਾਢੀ ਕਰਨ ਲੱਗ ਗਈ। ਆਪਣੇ ਲੋਕ ਸਭਾ ਹਲਕੇ 'ਚ ਲੋਕਾਂ ਦੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਤਰਕਾਰਾਂ ਵਲੋਂ ਸਵਾਲ ਪੁੱਛੇ ਜਾਣ 'ਤੇ ਹੇਮਾ ਨੇ ਕਿਹਾ ਕਿ ਲੋਕ ਮੇਰੇ ਤੋਂ ਖੁਸ਼ ਹਨ ਅਤੇ ਉਨ੍ਹਾਂ ਨੇ ਮੈਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੈਂ ਮਾਣ ਮਹਿਸੂਸ ਕਰਦੀ ਹਾਂ ਕਿ ਮਥੁਰਾ ਤੋਂ ਮੁੜ ਚੋਣ ਲੜ ਰਹੀ ਹਾਂ। ਮੇਰਾ ਟੀਚਾ ਹੈ ਕਿ ਮੈਂ ਮਥੁਰਾ 'ਚ ਹੋਰ ਵਿਕਾਸ ਕਰਾਂਗੀ। 

 



ਹੇਮਾ ਨੇ ਆਪਣੀਆਂ ਤਸਵੀਰਾਂ ਨੂੰ ਟਵਿੱਟਰ 'ਤੇ ਸ਼ੇਅਰ ਕਰਦਿਆਂ ਲਿਖਿਆ, ''ਇਹ ਇਕ ਚੰਗਾ ਤਜ਼ਰਬਾ ਸੀ। ਲੋਕ ਸਭਾ ਹਲਕੇ ਮਥੁਰਾ ਤੋਂ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਮੈਂ ਗੋਵਰਧਨ ਵਿਧਾਨ ਸਭਾ ਦੇ ਖੇਤਰ ਦੇਵਸੇਰਸ 'ਚ ਖੇਤਾਂ ਵਿਚ ਕੰਮ ਕਰ ਰਹੀਆਂ ਔਰਤਾਂ ਵਿਚਾਲੇ ਪਹੁੰਚੀ। ਖੇਤਾਂ ਵਿਚ ਕੰਮ ਕਰ ਰਹੀਆਂ ਔਰਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਹ ਮੇਰੀ ਮੁਹਿੰਮ ਦਾ ਪਹਿਲਾ ਦਿਨ ਹੈ। ਮੁਹਿੰਮ ਦੇ ਮੇਰੇ ਪਹਿਲੇ ਦਿਨ ਦੀਆਂ ਤਸਵੀਰਾਂ।''



ਜ਼ਿਕਰਯੋਗ ਹੈ ਕਿ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ 2014 ਦੀਆਂ ਲੋਕ ਸਭਾ ਚੋਣਾਂ ਵਿਚ 53 ਫੀਸਦੀ ਵੋਟਾਂ ਮਿਲੀਆਂ ਸਨ। ਇਸ ਸੀਟ ਤੋਂ ਉਨ੍ਹਾਂ ਨੇ ਰਾਸ਼ਟਰੀ ਲੋਕ ਦਲ (ਆਰ. ਐੱਲ. ਡੀ.) ਦੇ ਨੇਤਾ ਜਯੰਤ ਚੌਧਰੀ ਨੂੰ ਹਰਾਇਆ ਸੀ। ਹੇਮਾ ਇਸ ਵਾਰ ਮਹਾਗਠਜੋੜ ਨੂੰ ਸਖਤ ਟੱਕਰ ਮਿਲ ਰਹੀ ਹੈ। ਉੱਥੇ ਹੀ ਕਾਂਗਰਸ ਨੇ ਮਹੇਸ਼ ਪਾਠਕ ਨੂੰ ਮਥੁਰਾ ਤੋਂ ਟਿਕਟ ਦਿੱਤੀ ਹੈ।

Tanu

This news is Content Editor Tanu