ਅਰਬਪਤੀ ਹੈ ''ਹੇਮਾ ਮਾਲਿਨੀ'', ਬੀਤੇ 5 ਸਾਲਾਂ ''ਚ ਕਮਾਏ 34 ਕਰੋੜ

03/27/2019 11:09:27 AM

ਮਥੁਰਾ (ਭਾਸ਼ਾ)—ਭਾਜਪਾ ਪਾਰਟੀ ਵਲੋਂ ਇਕ ਵਾਰ ਮਥੁਰਾ ਲੋਕ ਸਭਾ ਸੀਟ ਲਈ ਚੋਣਾਵੀ ਦੰਗਲ 'ਚ ਉਤਰੀ ਬਾਲੀਵੁੱਡ ਅਭਿਨੇਤਰੀ ਅਤੇ ਮੌਜੂਦਾ ਸੰਸਦ ਮੈਂਬਰ ਹੇਮਾ ਮਾਲਿਨੀ ਅਰਬਪਤੀ ਹੈ। ਜਾਇਦਾਦ ਬਾਰੇ ਦਿੱਤੇ ਵੇਰਵਿਆਂ ਮੁਤਾਬਕ ਬੀਤੇ 5 ਸਾਲਾਂ ਵਿਚ ਉਨ੍ਹਾਂ ਦੀ ਕੁੱਲ ਜਾਇਦਾਦ ਦੀ ਕੀਮਤ 'ਚ 34 ਕਰੋੜ 46 ਲੱਖ ਰੁਪਏ ਦਾ ਇਜ਼ਾਫਾ ਹੋਇਆ ਹੈ। ਜਦਕਿ ਉਨ੍ਹਾਂ ਦੇ ਪਤੀ ਧਰਮਿੰਦਰ ਸਿੰਘ ਦੀ ਜਾਇਦਾਦ ਵਿਚ ਸਿਰਫ 12 ਕਰੋੜ 30 ਲੱਖ ਰੁਪਏ ਦਾ ਹੀ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਕ ਦੋਹਾਂ ਪਤੀ-ਪਤਨੀ ਨੇ ਬੀਤੇ 5 ਸਾਲਾਂ ਦੌਰਾਨ 10-10 ਕਰੋੜ ਰੁਪਏ ਕਮਾਏ ਹਨ। ਹੇਮਾ ਮਾਲਿਨੀ ਨੇ ਸਾਲ 2013-14 ਵਿਚ ਜਿੱਥੇ 15 ਲੱਖ 93 ਹਜ਼ਾਰ ਰੁਪਏ ਕਮਾਏ ਉੱਥੇ ਹੀ ਬੀਤੇ ਸਾਲ 1 ਕਰੋੜ, 19 ਲੱਖ 50 ਹਜ਼ਾਰ ਰੁਪਏ ਦਾ ਐਲਾਨ ਆਮਦਨ ਟੈਕਸ ਵਿਭਾਗ ਦੇ ਸਾਹਮਣੇ ਰੱਖਿਆ ਹੈ।


2014-15 'ਚ ਉਨ੍ਹਾਂ ਨੇ 3 ਕਰੋੜ 12 ਲੱਖ ਰੁਪਏ, 2015-16 ਵਿਚ 1 ਕਰੋੜ 9 ਲੱਖ ਰੁਪਏ ਅਤੇ 2016-17 'ਚ 4 ਕਰੋੜ 30 ਲੱਖ 14 ਹਜ਼ਾਰ ਰੁਪਏ ਕਮਾਏ। ਹੇਮਾ ਮਾਲਿਨੀ ਕੋਲ ਦੋ ਕਾਰਾਂ ਹਨ। ਦੋਵੇਂ ਪਤੀ-ਪਤਨੀ ਅਰਬਪਤੀਆਂ ਦੀ ਗਿਣਤੀ ਵਿਚ ਆਉਂਦੇ ਹਨ। ਹੇਮਾ ਮਾਲਿਨੀ 1 ਅਰਬ 1 ਕਰੋੜ 95 ਲੱਖ 300 ਰੁਪਏ ਦੀ ਨਕਦੀ, ਗਹਿਣੇ, ਫਿਕਸ ਡਿਪਾਜ਼ਿਟ ਅਤੇ  ਕੋਠੀ-ਬੰਗਲੇ ਦੀ ਮਾਲਕਣ ਹੈ। 5 ਸਾਲ ਪਹਿਲਾਂ ਉਨ੍ਹਾਂ ਦੀ ਇਸ ਜਾਇਦਾਦ ਦੀ ਕੀਮਤ 66 ਕਰੋੜ 65 ਲੱਖ 79 ਹਜ਼ਾਰ 403 ਰੁਪਏ ਸੀ। ਉਨ੍ਹਾਂ ਵਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਵੇਰਵੇ ਮੁਤਾਬਕ ਉਨ੍ਹਾਂ 'ਤੇ 6 ਕਰੋੜ 75 ਲੱਖ ਅਤੇ ਪਤੀ 'ਤੇ 7 ਕਰੋੜ 37 ਲੱਖ ਦਾ ਕਰਜ਼ ਵੀ ਹੈ, ਜਿਸ ਵਿਚ ਵੱਡਾ ਹਿੱਸਾ ਉਨ੍ਹਾਂ ਵਲੋਂ ਜੁਹੂ ਵਿਲੇ ਪਾਰਲੇ ਸਕੀਮ 'ਚ ਉਨ੍ਹਾਂ ਦੇ ਬੰਗਲੇ ਨੂੰ ਬਣਾਉਣ ਲਈ ਲਏ ਗਏ ਕਰਜ਼ ਦਾ ਹਿੱਸਾ ਹੈ। 


ਹੇਮਾ ਮਾਲਿਨੀ ਨੂੰ ਸਾਲ 2000 ਵਿਚ ਉਨ੍ਹਾਂ ਦੇ ਕਲਾ ਦੇ ਖੇਤਰ ਵਿਚ ਯੋਗਦਾਨ ਲਈ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਸਨਮਾਨ ਨਾਲ ਨਵਾਜਿਆ ਜਾ ਚੁੱਕਾ ਹੈ। 2014 ਵਿਚ ਮਥੁਰਾ ਲੋਕ ਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਵੀ ਉਹ 2003 ਤੋਂ 2009 ਤਕ ਅਤੇ 2011-12 ਵਿਚ ਰਾਜ ਸਭਾ ਮੈਂਬਰ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ ਸਾਲ 2002-2003 'ਚ ਰਾਸ਼ਟਰੀ ਫਿਲਮ ਵਿਕਾਸ ਨਿਗਮ ਦੀ ਪ੍ਰਧਾਨ ਵੀ ਰਹੀ।

Tanu

This news is Content Editor Tanu