ਦਿੱਲੀ-ਗਾਜ਼ੀਆਬਾਦ ਸਰੱਹਦ ਸੀਲ, ਮੁੜ ਲੱਗਾ ਲੰਬਾ ਜਾਮ

05/26/2020 10:48:04 AM

ਗਾਜ਼ੀਆਬਾਦ— ਦੇਸ਼ 'ਚ ਲਾਕਡਾਊਨ-4 ਜਾਰੀ ਹੈ ਅਤੇ ਇਹ 31 ਮਈ ਤੱਕ ਲਾਗੂ ਰਹੇਗਾ। ਇਸ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਲੋਕਾਂ ਨੂੰ ਕੁਝ ਢਿੱਲ ਵੀ ਦਿੱਤੀ ਗਈ ਹੈ। ਲਾਕਡਾਊਨ 'ਚ ਛੋਟ ਕਾਰਨ ਦਿੱਲੀ-ਗਾਜ਼ੀਆਬਾਦ ਸਰਹੱਦ 'ਤੇ ਮੰਗਲਵਾਰ ਸਵੇਰ ਤੋਂ ਹੀ ਲੰਬਾ ਜਾਮ ਲੱਗਣਾ ਸ਼ੁਰੂ ਹੋ ਗਿਆ ਹੈ। ਇਕ ਵਾਰ ਫਿਰ ਗਾਜ਼ੀਆਬਾਦ ਪ੍ਰਸ਼ਾਸਨ ਨੇ ਦਿੱਲੀ ਨਾਲ ਲੱਗਦੇ ਆਪਣੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਗਾਜ਼ੀਆਬਾਦ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਲ ਹੀ 'ਚ ਗਾਜ਼ੀਆਬਾਦ 'ਚ ਜੋ ਕੋਰੋਨਾ ਵਾਇਰਸ ਕੇਸ ਮਿਲੇ ਹਨ, ਉਸ ਦਾ ਸਬੰਧ ਦਿੱਲੀ ਨਾਲ ਹੈ, ਇਸ ਲਈ ਦਿੱਲੀ ਤੋਂ ਆਉਣ-ਜਾਣ ਵਾਲਿਆਂ 'ਤੇ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਡਾਕਟਰ, ਸਿਹਤ ਕਾਮਿਆਂ, ਪੁਲਸ, ਬੈਂਕ ਕਰਮਚਾਰੀਆਂ ਨੂੰ ਆਈ ਕਾਰਡ ਨਾਲ ਆਉਣ-ਜਾਣ ਦੀ ਛੋਟ ਹੋਵੇਗੀ ਪਰ ਦਿੱਲੀ ਤੋਂ ਹੌਟ ਸਪੌਟ ਏਰੀਆ ਤੋਂ ਆਉਣ ਵਾਲੇ ਕਿਸੇ ਵੀ ਸ਼ਖਸ ਨੂੰ ਨਹੀਂ ਆਉਣ ਦਿੱਤਾ ਜਾਵੇਗਾ। 

PunjabKesari

ਗਾਜ਼ੀਆਬਾਦ ਦੇ ਜ਼ਿਲ੍ਹਾ ਅਧਿਕਾਰੀ ਡਾ. ਅਜੈ ਸ਼ੰਕਰ ਪਾਂਡੇ ਨੇ ਸੋਮਵਾਰ ਨੂੰ ਦਿੱਲੀ ਬਾਰਡਰ ਨੂੰ ਸੀਲ ਕਰਨ ਦਾ ਆਦੇਸ਼ ਜਾਰੀ ਕੀਤਾ ਸੀ। ਇਸ ਦੇ ਪਿੱਛੇ ਦੀ ਵਜ੍ਹਾ ਜ਼ਿਲ੍ਹੇ 'ਚ ਲਗਾਤਾਰ ਵੱਧ ਰਹੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਦੱਸਿਆ ਗਿਆ ਸੀ। ਲਗਾਤਾਰ ਹੋ ਰਹੀ ਆਵਾਜਾਈ ਨੂੰ ਦੇਖਦੇ ਹੋਏ ਜ਼ਿਲੇ ਵਿਚ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਦਿੱਲੀ ਵਿਚ ਪਹਿਲਾਂ ਹੀ ਪੀੜਤ ਮਰੀਜ਼ਾਂ ਦਾ ਅੰਕੜਾ 13 ਹਜ਼ਾਰ ਤੋਂ ਵਧੇਰੇ ਹੈ। 

PunjabKesari

ਓਧਰ ਸਿਹਤ ਵਿਭਾਗ ਦਾ ਵੀ ਮੰਨਣਾ ਹੈ ਕਿ ਦਿੱਲੀ ਤੋਂ ਵੱਡੇ ਪੱਧਰ 'ਤੇ ਵਾਇਰਸ ਗਾਜ਼ੀਆਬਾਦ ਵਿਚ ਦਾਖਲ ਹੋ ਰਿਹਾ ਹੈ। ਜ਼ਿਲ੍ਹਾ ਅਧਿਕਾਰੀ ਦੇ ਆਦੇਸ਼ ਮੁਤਾਬਕ ਹੁਣ ਸਿਰਫ ਅਧਿਕਾਰਤ ਪਾਸ ਦੇ ਆਧਾਰ 'ਤੇ ਹੀ ਗਾਜ਼ੀਆਬਾਦ ਅਤੇ ਦਿੱਲੀ ਵਿਚਾਲੇ ਆਵਾਜਾਈ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਪਾਸ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ ਜ਼ਰੂਰੀ ਸੇਵਾਵਾਂ ਅਤੇ ਵਸਤੂਆਂ ਦੀ ਸਪਲਾਈ ਨਾਲ ਜੁੜੇ ਵਾਹਨਾਂ ਨੂੰ ਇਸ ਪਾਬੰਦੀ ਤੋਂ ਰਾਹਤ ਦਿੱਤੀ ਗਈ ਹੈ। ਜ਼ਿਲ੍ਹਾ ਅਧਿਕਾਰੀ ਪਾਂਡੇ ਨੇ ਕਿਹਾ ਕਿ ਸਿਹਤ ਕਾਮਿਆਂ ਅਤੇ ਪੱਤਰਕਾਰਾਂ ਨੂੰ ਪਾਸ ਦੀ ਲੋੜ ਨਹੀਂ ਹੋਵੇਗੀ, ਸੰਸਥਾ ਦੇ ਪਛਾਣ ਪੱਤਰ ਨਾਲ ਹੀ ਇਨ੍ਹਾਂ ਨੂੰ ਆਵਾਜਾਈ ਦੀ ਇਜਾਜ਼ਤ ਹੋਵੇਗੀ। ਨਾਲ ਹੀ ਐਂਬੂਲੈਂਸ ਨੂੰ ਵੀ ਬਿਨਾਂ ਰੋਕ-ਟੋਕ ਦੇ ਆਉਣ-ਜਾਣ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦਿੱਲੀ-ਗਾਜ਼ੀਆਬਾਦ ਸਰਹੱਦ 'ਤੇ ਲੰਬਾ ਜਾਮ ਦੇਖਿਆ ਗਿਆ ਸੀ।


Tanu

Content Editor

Related News