ਹਿਮਾਚਲ, ਕਸ਼ਮੀਰ ਤੇ ਉੱਤਰਾਖੰਡ ’ਚ ਭਾਰੀ ਬਰਫਬਾਰੀ, ਪੰਜਾਬ ’ਚ ਮੀਂਹ ਕਾਰਣ ਵਧੀ ਠੰਡ

01/14/2020 8:20:31 AM

ਸ਼ਿਮਲਾ/ਮਨਾਲੀ, (ਹੈਡਲੀ, ਦਵਿੰਦਰ, ਸੋਨੂੰ)–ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਵਿਚ ਪਿਛਲੇ 24 ਘੰਟਿਆਂ ਦੌਰਾਨ ਬਰਫਬਾਰੀ ਹੋਣ ਅਤੇ ਪੰਜਾਬ ਵਿਚ ਮੀਂਹ ਪੈਣ ਕਾਰਣ ਠੰਡ ਇਕ ਵਾਰ ਮੁੜ ਵਧ ਗਈ ਹੈ। ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਰੁਕ-ਰੁਕ ਕੇ ਬਰਫਬਾਰੀ ਹੁੰਦੀ ਰਹੀ। ਸ਼ਿਮਲਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਮੀਂਹ ਪਿਆ ਅਤੇ ਬਰਫਾਨੀ ਹਵਾਵਾਂ ਚੱਲੀਆਂ। ਰੋਹਤਾਂਗ ਦੱਰੇ ’ਤੇ ਸੋਮਵਾਰ ਰਾਤ ਤੱਕ 2 ਫੁੱਟ ਬਰਫ ਪੈ ਚੁੱਕੀ ਸੀ। ਲਾਹੌਲ ਖੇਤਰ ਵਿਚ ਬਰਫ ਦੇ ਤੋਦੇ ਡਿੱਗਣ ਕਾਰਣ ਚੇਨਾਬ ਦਰਿਆ ਦਾ ਵਹਾਅ ਰੁਕ ਗਿਆ। ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਬੁੱਧਵਾਰ ਤੱਕ ਹੋਰ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਮੌਸਮ ਵਿਭਾਗ ਮੁਤਾਬਕ ਵਾਦੀ ਦੇ ਵਧੇਰੇ ਹਿੱਸਿਆਂ ਵਿਚ ਦਰਮਿਆਨੀ ਤੋਂ ਭਾਰੀ ਬਰਫਬਾਰੀ ਹੋਈ ਹੈ। ਨੀਵੇਂ ਇਲਾਕਿਆਂ ’ਚ ਮੀਂਹ ਪਿਆ ਹੈ। ਬਰਫਬਾਰੀ ਕਾਰਣ ਬਿਜਲੀ ਦੀ ਸਪਲਾਈ ਵਿਚ ਵਿਘਨ ਪੈ ਗਿਆ। ਆਉਂਦੇ 5 ਦਿਨਾਂ ਤੱਕ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ’ਚ ਹੋਰ ਬਰਫਬਾਰੀ ਤੇ ਮੀਂਹ ਦੀ ਸੰਭਾਵਨਾ ਹੈ।

ਉੜੀ ’ਚ ਬਰਫ ’ਚ ਫਸੀਆਂ 2 ਕੁੜੀਆਂ ਬਚਾਈਆਂ

ਜੰਮੂ-ਕਸ਼ਮੀਰ ਦੇ ਉੜੀ ਖੇਤਰ ਵਿਚ ਬਰਫ ਵਿਚ ਫਸੀਆਂ 2 ਕੁੜੀਆਂ ਨੂੰ ਸੋਮਵਾਰ ਸਥਾਨਕ ਲੋਕਾਂ ਨੇ ਬਚਾਇਆ। ਅਧਿਕਾਰੀਆਂ ਮੁਤਾਬਕ 18 ਸਾਲਾ ਸ਼ਗੁਫਤਾ ਅਤੇ 15 ਸਾਲਾ ਮੀਮਾ ਦੁਦਰਾਨ ਖੇਤਰ ਵਿਚ ਭਾਰੀ ਬਰਫਬਾਰੀ ਦੌਰਾਨ ਬਰਫ ਵਿਚ ਘਿਰ ਗਈਆਂ। ਸਥਾਨਕ ਲੋਕਾਂ ਨੇ ਖੁਦ ਹੀ ਬਰਫ ਹਟਾ ਕੇ ਸੁਰੱਖਿਅਤ ਕੱਢ ਲਿਆ।