ਭਾਰੀ ਬਾਰਿਸ਼ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਗੁਜਰਾਤ 'ਚ ਮਚਾਈ ਤਬਾਹੀ (ਤਸਵੀਰਾਂ)

09/15/2019 8:57:30 AM

ਨਵੀਂ ਦਿੱਲੀ—ਦੇਸ਼ ਦੇ ਕਈ ਹਿੱਸਿਆ 'ਚ ਭਾਰੀ ਬਾਰਿਸ਼ ਨੇ ਕਾਫੀ ਤਬਾਹੀ ਮਚਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਰਾਜਸਥਾਨ, ਗੁਜਰਾਤ ਅਤੇ ਮੱਧ ਪ੍ਰਦੇਸ਼ 'ਚ ਭਾਰੀ ਬਾਰਿਸ਼ ਦਾ ਕਹਿਰ ਹੁਣ ਤੱਕ ਵੀ ਜਾਰੀ ਹੈ। ਲਗਾਤਾਰ ਆਫਤ ਬਣ ਰਹੀ ਬਾਰਿਸ਼ ਤੋਂ ਬਾਅਦ ਰਾਜਸਥਾਨ ਦੇ ਕੋਟਾ ਬੈਰਾਜ ਤੋਂ ਪਾਣੀ ਛੱਡਣ ਕਾਰਨ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਇਸ ਦੇ ਨਾਲ ਹੀ ਪ੍ਰਤਾਪਗੜ੍ਹ (ਰਾਜਸਥਾਨ) 'ਚ ਕੁਝ ਲੋਕਾਂ ਜਾਖਮ ਨਦੀ ਦੇ ਟਾਪੂ 'ਤੇ ਫਸ ਗਏ। ਪ੍ਰਸ਼ਾਸਨ ਨੇ ਹੜ੍ਹ 'ਚ ਫਸੇ 9 ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਖਰੌਲੀ ਜ਼ਿਲੇ (ਰਾਜਸਥਾਨ) 'ਚ ਵੀ ਚੰਬਲ ਨਦੀ ਦਾ ਪਾਣੀ ਪੱਧਰ ਵੱਧਣ ਕਾਰਨ ਗੋਟਾ ਪਿੰਡ 'ਚ ਪਹੁੰਚ ਗਿਆ, ਜਿਸ ਕਾਰਨ ਇਲਾਕੇ 'ਚ ਹੜਕੰਪ ਮੱਚ ਗਿਆ। ਇਲਾਕੇ ਦੇ ਲੋਕ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ।

ਦੱਸ ਦੇਈਏ ਕਿ ਕੋਟਾ ਬੈਰਾਜ ਤੋਂ ਸਾਢੇ ਪੰਜ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਦੇ ਲਈ ਬੈਰਾਜ ਦੇ 18 ਫਲੱਡ ਗੇਟ ਖੋਲੇ ਗਏ। ਜ਼ਿਲਾ ਪ੍ਰਸ਼ਾਸਨ ਨੇ ਸਾਰਿਆਂ ਨੂੰ ਅਲਰਟ ਰਹਿਣ ਲਈ ਕਿਹਾ ਹੈ। ਬਚਾਅ ਕੰਮਾਂ ਲਈ ਐੱਨ. ਡੀ. ਆਰ. ਐੱਫ. ਟੀਮਾਂ ਨੂੰ ਬੁਲਾਇਆ ਗਿਆ ਹੈ। ਹੜ੍ਹਗਸਤ ਇਲਾਕਿਆਂ ਨੂੰ 9 ਹਿੱਸਿਆਂ 'ਚ ਵੰਡਿਆ ਗਿਆ ਹੈ ਅਤੇ ਹਰ ਹਿੱਸੇ ਲਈ ਆਰ. ਏ. ਐੱਸ. ਅਫਸਰ ਤਾਇਨਾਤ ਕੀਤਾ ਗਿਆ ਹੈ।

ਗੁਜਰਾਤ 'ਚ ਭਾਰੀ ਬਾਰਿਸ਼ ਲੋਕਾਂ ਲਈ ਆਫਤ ਬਣੀ ਹੋਈ ਹੈ। ਦੇਰ ਰਾਤ 2 ਵਜੇ ਤੱਕ ਲੋਕਾਂ ਨੂੰ ਵੱਖ-ਵੱਖ ਅਸਥਾਈ ਬਸਤੀਆਂ ਤੋਂ ਰੈਸਕਿਊ ਕਰਵਾਇਆ ਗਿਆ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ 'ਚ ਗਾਂਧੀ ਸਾਗਰ ਬੈਰਾਜ ਦੇ ਫਲੱਡ ਗੇਟ ਖੁੱਲਣ ਅਤੇ ਭਾਰੀ ਬਾਰਿਸ਼ ਦੇ ਚੱਲਦਿਆਂ ਚੰਬਲ ਨਦੀ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਗਈ ਹੈ, ਜਿਸ ਕਾਰਨ ਇਸ ਦੇ ਕਿਨਾਰੇ 'ਤੇ 12 ਅਸਥਾਈ ਬਸਤੀਆਂ 'ਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਕਈ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ ਅਤੇ ਕਈ ਘਰ ਪੂਰੀ ਤਰ੍ਹਾ ਨਾਲ ਪਾਣੀ 'ਚ ਡੁੱਬ ਚੁੱਕੇ ਹਨ।

Iqbalkaur

This news is Content Editor Iqbalkaur