ਹਿਮਾਚਲ ’ਚ ਰਾਹਤ ਭਰਿਆ ਮੀਂਹ, ਅੱਜ ਗੜੇ ਪੈਣ ਦੀ ਚਿਤਾਵਨੀ

06/18/2019 1:08:00 AM

ਸ਼ਿਮਲਾ, (ਰਾਜੇਸ਼)– ਸ਼ਿਮਲਾ ਅਤੇ ਮਨਾਲੀ ਵਿਚ ਇਕ ਵਾਰ ਫਿਰ ਠੰਡ ਪਰਤ ਆਈ ਹੈ। ਮੌਸਮ ਖਰਾਬ ਹੋਣ ਨਾਲ ਊਨਾ ਸਮੇਤ ਪ੍ਰਦੇਸ਼ ਦੇ ਹੋਰਨਾਂ ਜ਼ਿਲਿਆਂ ਵਿਚ ਵੀ ਤਾਪਮਾਨ ਵਿਚ 2 ਤੋਂ 3 ਡਿਗਰੀ ਤਕ ਗਿਰਾਵਟ ਆਈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਸੋਮਵਾਰ ਨੂੰ ਦੇਸ਼ ਭਰ ਵਿਚ ਮੌਸਮ ਖਰਾਬ ਰਿਹਾ। ਇਸ ਦੌਰਾਨ ਜਿਥੇ ਦਿਨ ਭਰ ਆਸਮਾਨ ਵਿਚ ਬੱਦਲ ਛਾਏ ਰਹੇ, ਉਥੇ ਦੁਪਹਿਰ ਬਾਅਦ ਸ਼ਿਮਲਾ, ਮਨਾਲੀ, ਕੁੱਲੂ, ਭੂੰਤਰ, ਕਿਨੌਰ ਅਤੇ ਜੁੱਬਲ ਵਿਚ ਮੀਂਹ ਪਿਆ। ਇਸ ਦੌਰਾਨ ਇਨ੍ਹਾਂ ਖੇਤਰਾਂ ਵਿਚ ਤੇਜ਼ ਠੰਡੀਆਂ ਹਵਾਵਾਂ ਚੱਲੀਆਂ, ਜਿਸ ਕਾਰਨ ਲੋਕਾਂ ਨੇ ਹਲਕੀ ਠੰਡ ਦਾ ਅਹਿਸਾਸ ਕੀਤਾ ਅਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।

ਓਧਰ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ਵਿਚ ਵੀ ਹਲਕਾ ਮੀਂਹ ਵੇਖਣ ਨੂੰ ਮਿਲਿਆ,ਜਿਸ ਨਾਲ ਤਾਪਮਾਨ ਵਿਚ ਸਿੱਧੀ 2 ਤੋਂ 3 ਡਿਗਰੀ ਦੀ ਗਿਰਾਵਟ ਆਈ। ਪਿਛਲੇ ਦਿਨੀਂ ਪ੍ਰਦੇਸ਼ ਵਿਚ ਤਾਪਮਾਨ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਸੀ, ਜਿਸ ਨਾਲ ਜਿਥੇ ਊਨਾ ਦਾ ਤਾਪਮਾਨ 42 ਤੋਂ 43 ਡਿਗਰੀ ਪਹੁੰਚ ਗਿਆ ਸੀ, ਉਥੇ ਸ਼ਿਮਲਾ ਵਿਚ ਵੀ ਤਾਪਮਾਨ 30 ਡਿਗਰੀ ਅਤੇ ਮਨਾਲੀ ਵਰਗੇ ਠੰਡੇ ਖੇਤਰ ਵਿਚ ਤਾਪਮਾਨ 28 ਡਿਗਰੀ ਤੱਕ ਪਹੁੰਚ ਗਿਆ ਸੀ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਵਿਚ ਪ੍ਰਦੇਸ਼ ਦੇ ਮੈਦਾਨੀ ਅਤੇ ਦਰਮਿਆਨੇ ਪਹਾੜੀ ਖੇਤਰਾਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ।


KamalJeet Singh

Content Editor

Related News