ਮੁੰਬਈ:ਰੁੱਖਾਂ ਦੀ ਕਟਾਈ ਕਾਰਨ ਪੁਲਸ ਅਤੇ ਲੋਕਾਂ ਵਿਚਾਲੇ ਝੜਪ, ਇਲਾਕੇ 'ਚ ਧਾਰਾ 144 ਲਾਗੂ

10/05/2019 9:52:16 AM

ਮੁੰਬਈ—ਉੱਤਰੀ ਮੁੰਬਈ 'ਚ ਹਰਿਆਲੀ ਭਰੇ ਖੇਤਰ ਆਰੇ ਕਾਲੋਨੀ 'ਚ ਰੁੱਖਾਂ ਦੀ ਕਟਾਈ ਦਾ ਵਿਰੋਧ ਕਰਨ ਵਾਲੀਆਂ ਪਟੀਸ਼ਨਾਂ ਬੰਬੇ ਹਾਈ ਕੋਰਟ ਤੋਂ ਖਾਰਿਜ ਹੋਣ ਤੋਂ ਕੁਝ ਘੰਟਿਆਂ ਬਾਅਦ ਪ੍ਰਸ਼ਾਸਨ ਨੇ ਰੁੱਖ ਕੱਟਣੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਨੇ ਰੁੱਖ ਕੱਟਣੇ ਸ਼ੁਰੂ ਕਰ ਦਿੱਤੇ ਹਨ ਅਤੇ 2600 ਤੋਂ ਜ਼ਿਆਦਾ ਰੁੱਖਾਂ ਨੂੰ ਕੱਟਿਆ ਜਾਣਾ ਹੈ, ਜਿਨ੍ਹਾਂ 'ਚ ਅੱਜ ਭਾਵ ਸ਼ਨੀਵਾਰ ਨੂੰ 800 ਰੁੱਖ ਤੋਂ ਜ਼ਿਆਦਾ ਰੁੱਖ ਕੱਟ ਦਿੱਤੇ ਗਏ ਹਨ। ਇਸ ਦੇ ਵਿਰੋਧ 'ਚ ਕਈ ਪ੍ਰਦਰਸ਼ਨਕਾਰੀਆਂ ਮੌਕੇ 'ਤੇ ਪਹੁੰਚੇ ਅਤੇ ਮੈਟਰੋ ਰੇਲ ਸਾਈਟ 'ਤੇ ਖੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਸ ਵੱਲੋਂ ਆਰੇ ਵਾਲੇ ਪਾਸੇ ਜਾਣ ਵਾਲੀਆਂ ਸੜਕਾਂ 'ਤੇ ਬੈਰੀਕੋਡ ਲਗਾ ਦਿੱਤੇ ਹਨ। ਇਲਾਕੇ ਦੇ 3 ਕਿਲੋਮੀਟਰ ਦੇ ਘੇਰੇ 'ਚ ਕਿਸੇ ਨੂੰ ਵੀ ਜਾਣ ਦੀ ਇਜ਼ਾਜਤ ਨਹੀਂ ਹੈ। ਹੰਗਾਮੇ ਦੌਰਾਨ ਅੱਜ ਭਾਵ ਸ਼ਨੀਵਾਰ ਨੂੰ ਧਾਰਾ 144 ਲਾਗੂ ਕਰ ਦਿੱਤੀ ਹੈ। ਇਲਾਕੇ 'ਚ ਲੋਕਾਂ ਦਾ ਇਕੱਠ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਮੁੰਬਈ ਪੁਲਸ ਨੇ ਮਾਮਲੇ 'ਚ ਐੱਫ. ਆਈ. ਆਰ. ਵੀ ਦਰਜ ਕੀਤੀ ਹੈ।

ਦੱਸਣਯੋਗ ਹੈ ਕਿ ਮੈਟਰੋ ਕਾਰ ਸ਼ੈੱਡ ਲਈ ਬੀ. ਐੱਮ. ਸੀ ਨੇ ਆਰੇ ਦੇ ਲਗਭਗ 2700 ਰੁੱਖਾਂ ਦੀ ਕਟਾਈ ਨੂੰ ਹਰੀ ਝੰਡੀ ਦਿੱਤੀ ਸੀ, ਜਿਸ ਦੇ ਖਿਲਾਫ ਵੱਖ-ਵੱਖ ਪਟੀਸ਼ਨਾਂ ਕੋਰਟ 'ਚ ਦਾਇਰ ਕੀਤੀਆਂ ਗਈਆਂ ਸੀ। ਹਾਲਾਕਿ ਸ਼ੁੱਕਰਵਾਰ ਨੂੰ ਬੰਬੇ ਹਾਈ ਕੋਰਟ ਨੇ ਇਹ ਕਹਿ ਕੇ ਪਟੀਸ਼ਨਾਂ ਖਾਰਿਜ ਕਰ ਦਿੱਤੀਆਂ ਕਿ ਮਾਮਲਾ ਪਹਿਲਾਂ ਦੀ ਸੁਪਰੀਮ ਕੋਰਟ ਅਤੇ ਐੱਨ. ਜੀ. ਟੀ. ਦੇ ਸਾਹਮਣੇ ਪੈਂਡਿੰਗ ਹੈ, ਇਸ ਲਈ ਹਾਈ ਕੋਰਟ ਇਸ 'ਚ ਫੈਸਲਾ ਨਹੀਂ ਦੇ ਸਕਦਾ। ਦੂਜੇ ਪਾਸੇ ਕੋਰਟ ਨੇ ਇਹ ਫੈਸਲਾ ਦਿੱਤਾ ਅਤੇ ਉੱਧਰ ਅਧਿਕਾਰੀਆਂ ਨੇ ਆਰੀ ਚੁੱਕ ਲਈ ਸੀ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਾਤਾਵਰਨ ਅਧਿਕਾਰੀਆਂ ਅਤੇ 'ਆਰੇ ਬਚਾਓ' ਮੁਹਿੰਮ ਨਾਲ ਜੁੜੇ ਲੋਕਾਂ ਨੂੰ ਜਾਣਕਾਰੀ ਮਿਲੀ ਕਿ ਸ਼ੁੱਕਰਵਾਰ ਦੇਰ ਰਾਤ 'ਚ ਹੀ ਰੁੱਖਾਂ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ ਹੁਣ ਤੱਕ 800 ਤੋਂ ਜ਼ਿਆਦਾ ਰੁੱਖਾਂ ਦੀ ਕਟਾਈ ਕੀਤੀ ਜਾ ਚੁੱਕੀ ਹੈ। ਰੁੱਖਾਂ ਦੀ ਕਟਾਈ ਦੇ ਕਈ ਵੀਡੀਓ ਵੀ ਦੇਰ ਰਾਤ ਨੂੰ ਤੇਜ਼ੀ ਨਾਲ ਵਾਇਰਲ ਹੋ ਰਹੇ ਸੀ, ਜਿਸ ਤੋਂ ਬਾਅਦ ਕਈ ਲੋਕ ਰੁੱਖਾਂ ਦੀ ਕਟਾਈ ਦੇਖਣ ਆਰੇ ਕਾਲੋਨੀ ਪਹੁੰਚੇ। ਉੱਥੇ ਪਹੁੰਚ ਕੇ ਲੋਕਾਂ ਨੇ ਮੁੰਬਈ ਮੈਟਰੋ ਰੇਲ ਕਾਰਪੋਰੇਸ਼ਨ ਦੀ ਬੈਰੀਕੇਡਿੰਗ ਤੋੜੀ ਅਤੇ ਰੁੱਖਾਂ ਨੂੰ ਕੱਟਣ ਤੋਂ ਬਚਾਇਆ। ਦੋਸ਼ ਹੈ ਕਿ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਅਧਿਕਾਰੀਆਂ ਅਤੇ ਪ੍ਰਦਰਸ਼ਨਕਾਰੀਆਂ 'ਚ ਕਾਫੀ ਝੜਪਾਂ ਹੋਈਆ, ਜਿਸ ਤੋਂ ਬਾਅਦ 60-70 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ।  ਇਲਾਕੇ 'ਚ ਤਣਾਅ ਨੂੰ ਦੇਖਦੇ ਹੋਏ ਰਸਤਿਆਂ 'ਤੇ ਭਾਰੀ ਪੁਲਸ ਤਾਇਨਾਤ ਕਰ ਦਿੱਤੀ ਗਈ।

Iqbalkaur

This news is Content Editor Iqbalkaur