ਆਇਲ ਮਿੱਲ ''ਚ ਲੱਗੀ ਭਿਆਨਕ ਅੱਗ, 18 ਮਜ਼ਦੂਰ ਝੁਲਸੇ ਅਤੇ 2 ਦੀ ਹਾਲਤ ਨਾਜ਼ੁਕ

11/06/2017 9:15:38 AM

ਹਿਸਾਰ - ਉਕਲਾਨਾ 'ਚ ਅੱਜ ਸਵੇਰੇ ਕਰੀਬ 3:00 ਵਜੇ ਆਸ਼ੀਸ਼ ਆਇਲ ਮਿੱਲ 'ਚ ਅੱਗ ਲੱਗਣ ਕਾਰਨ 15 ਮਜ਼ਦੂਰ ਝੁਲਸ ਗਏ। ਜ਼ਖਮੀਆਂ ਨੂੰ ਹਿਸਾਰ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ 'ਚੋਂ 2 ਮਜਦੂਰਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੋਂ ਬਾਅਦ ਬਰਵਾਲਾ ਦੇ ਡੀ.ਐੱਸ.ਪੀ. ਜੈਪਾਲ ਸਿੰਘ ਪ੍ਰਸ਼ਾਸਨਿਕ ਦਸਤੇ ਨਾਲ ਮੌਕੇ 'ਤੇ ਪਹੁੰਚੇ ਅਤੇ ਆਸ-ਪਾਸ ਦੇ ਸਾਰੇ ਸ਼ਹਿਰਾਂ ਤੋਂ ਦਰਜਨਾਂ ਅੱਗ ਬੁਝਾਉਣ ਵਾਲੀਆਂ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਬੁਲਾਈਆਂ ਗਈਆਂ। ਤਿੰਨ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਅੱਗ ਬੁਝਾਉਣ ਵਾਲੇ ਵਿਭਾਗ ਨੇ ਅੱਗ 'ਤੇ ਕਾਬੂ ਪਾਇਆ।


ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਸ਼ੀਸ਼ ਆਇਲ ਮਿੱਲ ਪਿਛਲੇ ਕਾਫੀ ਦਿਨਾਂ ਤੋਂ ਬੰਦ ਪਈ ਹੋਈ ਸੀ ਅਤੇ ਕੱਲ੍ਹ ਹੀ ਇਸ ਨੂੰ ਸ਼ੁਰੂ ਕੀਤਾ ਗਿਆ ਸੀ। ਇਕ ਰਾਤ ਵੀ ਨਹੀਂ ਲੰਗੀ ਸੀ ਕਿ ਇਸ ਆਇਲ ਮਿੱਲ ਦੇ ਬੁਆਇਲਰ 'ਚ ਲੀਕੇਜ ਹੋਣ ਦੇ ਕਾਰਨ ਅੱਗ ਲੱਗ ਗਈ, ਜਿਸ ਕਾਰਨ ਆਸ-ਪਾਸ ਪਿਆ ਕੱਚਾ ਮਾਲ ਸੜ ਗਿਆ ਅਤੇ ਮਸ਼ੀਨਰੀ ਨੂੰ ਵੀ ਅੱਗ ਲੱਗ ਗਈ। ਸੋ ਅੱਗ ਕਾਰਨ ਇਥੇ ਕਾਫੀ ਨੁਕਸਾਨ ਹੋਇਆ ਹੈ।


ਘਟਨਾ ਦਾ ਜਾਣਕਾਰੀ ਮਿਲਦੇ ਹੀ ਹਿਸਾਰ ਪੁਲਸ ਸੁਪਰਡੈਂਟ ਮਨੀਸ਼ਾ ਚੌਧਰੀ ਮੌਕੇ 'ਤੇ ਪੁੱਜੀ ਅਤੇ ਜਾਣਕਾਰੀ ਲਈ। ਉਨ੍ਹਾਂ ਨੇ ਹਸਪਤਾਲ ਜਾ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਅਤੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਹੜਾ ਵੀ ਦੋਸ਼ੀ ਹੋਵੇਗਾ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮਾਹਰਾਂ ਤੋਂ ਪੂਰੀ ਘਟਨਾ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ।


ਡੀ.ਐੱਸ.ਪੀ. ਜੈਪਾਲ ਸਿੰਘ ਨੇ ਕਿਹਾ ਹੈ ਕਿ ਸਖਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਕਲਾਨਾ 'ਚ ਕੋਈ ਅੱਗ ਬੁਝਾਉਣ ਵਾਲੀ ਗੱਡੀ ਨਹੀਂ ਹੈ ਜਿਸ ਕਾਰਨ ਅੱਗ 'ਤੇ ਕਾਬੂ ਪਾਉਣ ਲਈ ਸਮਾਂ ਲੱਗ ਗਿਆ।